ਕਰੋਨਾ ਪ੍ਰਭਾਵਿਤ ਮਰੀਜ਼ਾਂ ਲਈ ਹਸਪਤਾਲਾਂ ’ਚ ਬੈੱਡ ਵਧਾਏ
ਪਾਲ ਸਿੰਘ ਨੌਲੀ
ਜਲੰਧਰ,23 ਅਗਸਤ
ਜ਼ਿਲੇ ਵਿੱਚ ਵੱਧ ਰਹੇ ਕੋਵਿਡ ਦੇ ਕੇਸਾਂ ਦਾ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰਨ ਲਈ ਤੇ ਕੋਵਿਡ ਕਾਰਨ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਲੈਵਲ-2 ਦੇ ਮਰੀਜ਼ਾਂ ਲਈ 75 ਅਤੇ ਲੈਵਲ-3 ਦੇ ਮਰੀਜ਼ਾਂ ਲਈ 70 ਹੋਰ ਬੈੱਡਾਂ ਨੂੰ ਤਿਆਰ ਕੀਤਾ ਗਿਆ ਹੈ। ਹੁਣ ਇਨਾਂ ਵਾਧੂ ਬੈਡਾਂ ਨਾਲ ਲੈਵਲ-2 ਦੇ ਮਰੀਜ਼ਾਂ ਲਈ 629 ਅਤੇ ਲੈਵਲ-3 ਦੇ ਮਰੀਜ਼ਾਂ ਲਈ 240 ਬੈਡ ਮੌਜੂਦ ਹਨ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੁਝ ਸਿਹਤ ਸੰਸਥਾਵਾਂ ਵਲੋਂ ਬੈਡਾਂ ਦੀ ਸਮਰੱਥਾ ਨੂੰ ਵਧਾਉਣ ਤੋਂ ਇਲਾਵਾ 12 ਹੋਰ ਪ੍ਰਾਈਵੇਟ ਹਸਪਤਾਲ ਕੋਵਿਡ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਅੱਗੇ ਆਏ ਹਨ। ਪਿਮਸ ਹਸਪਤਾਲ ਵਲੋਂ ਹੁਣ ਲੈਵਲ-2 ਲਈ 14 ਬੈਡਾਂ ਨੂੰ ਵਧਾ ਕੇ 30 ਬੈਡ ਕਰਨ ਦੀ ਪੇਸ਼ਕਸ ਕੀਤੀ ਗਈ ਹੈ।
ਬਲਾਚੌਰ ’ਚ ਕਰੋਨਾ ਦੇ ਅੱਠ ਕੇਸ
ਬਲਾਚੌਰ: ਇੱਥੇ ਪਾਵਰ ਕਲੋਨੀ ਵਿੱਚ ਕਰੋਨਾ ਦੇ ਅੱਠ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇੱਕੋ ਪਰਿਵਾਰ ਦੇ 6 ਵਿਅਕਤੀਆਂ ਅਤੇ ਦੋ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਉਨ੍ਹਾਂ ਨੂੰ ਕੇਸੀਕਾਲਜ ਨਵਾਂ ਸ਼ਹਿਰ ਵਿੱਚ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ। ਸਿਵਲ ਹਸਪਤਾਲ ਬਲਾਚੌਰ ਦੇ ਐੱਸਐੱਮਓ ਡਾ. ਰਵਿੰਦਰ ਠਾਕੁਰ ਅਤੇ ਡਾ. ਅਲਕਾ ਨੇ ਪਾਵਰਕੌਮ ਦਫ਼ਤਰ ਵਿੱਚ ਹਾਜ਼ਰ ਸਮੂਹ ਮੁਲਾਜ਼ਮਾਂ ਅਤੇ ਰਿਹਾਇਸ਼ੀ ਕੁਆਰਟਰਾਂ ’ਚ ਰਹਿਣ ਵਾਲੇ ਪਰਿਵਾਰਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ
‘ਕੋਵਾ’ ਐਪ ’ਤੇ ਮਿਲੇਗੀ ਬੈੱਡਾਂ ਬਾਰੇ ਜਾਣਕਾਰੀ
ਜਲੰਧਰ: ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਿਥੇ ਕੋਵਿਡ-19 ਸਬੰਧੀ ਪੰਜਾਬ ਸਰਕਾਰ ਵਲੋਂ `ਮਿਸ਼ਨ ਫਤਿਹ` ਤਹਿਤ ਕੋਵਾ ਐਪ ਰਾਹੀਂ ਸੂਬਾ ਵਾਸੀਆਂ ਨੂੰ ਹਰ ਜਾਣਕਾਰੀ ਤੋਂ ਅਪਡੇਟ ਕਰਵਾਇਆ ਜਾ ਰਿਹਾ ਹੈੈ। ਕੋਵਾ ਐਪ ਵਿੱਚ ਕੁੱਝ ਹੋਰ ਮਹੱਤਵਪੂਰਨ ਸੁਵਿਧਾਵਾਂ ਦਰਜ ਕੀਤੀਆਂ ਗਈਆਂ ਹਨ, ਜਿਸ ਰਾਹੀਂ ਲੋਕਾਂ ਨੂੰ ਕਈ ਹੋਰ ਨਵੀਆਂ ਜਾਣਕਾਰੀਆਂ ਪ੍ਰਾਪਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਐਪ ਵਿੱਚ ਨਵੀਂ ਜਾਣਕਾਰੀ ਦਰਜ ਕੀਤੀ ਗਈ ਹੈ, ਜਿਸ ਰਾਹੀਂ ਜ਼ਿਲ੍ਹਾ ਵਾਰ ਹਸਪਤਾਲਾਂ ਵਿੱਚ ਬੈਡਾਂ ਦੀ ਉਪਲੱਬਧਤਾ ਬਾਰੇ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। -ਨਿੱਜੀ ਪੱਤਰ ਪ੍ਰੇਰਕ