ਖਰੜ ਖੇਤਰ ’ਚ ਕੁਲੈਕਟਰ ਰੇਟ ਵਧਾਏ
ਸ਼ਸ਼ੀ ਪਾਲ ਜੈਨ
ਖਰੜ, 16 ਸਤੰਬਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਰੜ ਸਬ-ਡਿਵੀਜ਼ਨ ਵਿੱਚ ਜ਼ਮੀਨ ਜਾਇਦਾਦਾਂ ਦੀ ਖ਼ਰੀਦ ਸਮੇਂ ਕੁਲੈਕਟਰ ਰੇਟਾਂ ਵਿੱਚ ਵਾਧਾ ਕੀਤਾ ਗਿਆ ਹੈ ਤੇ ਵਧੇ ਹੋਏ ਰੇਟ ਅੱਜ ਤੋਂ ਲਾਗੂ ਹੋ ਗਏ ਹਨ। ਜਾਣਕਾਰੀ ਅਨੁਸਾਰ ਇਹ ਵਾਧਾ ਜ਼ਿਆਦਾਤਰ ਕੇਸਾਂ ਵਿੱਚ 25 ਤੋਂ ਲੈ ਕੇ 50 ਫ਼ੀਸਦੀ ਤੱਕ ਕੀਤਾ ਗਿਆ ਹੈ ਤੇ ਕਈ ਕੇਸਾਂ ਵਿੱਚ ਇਹ ਵਾਧਾ ਇਸ ਤੋਂ ਵੀ ਜ਼ਿਆਦਾ ਹੈ।
ਖਰੜ ਵਿੱਚ ਜ਼ਮੀਨਾਂ ਦੀ ਰਜਿਸਟਰੀ ਕੁਲੈਕਟਰ ਰੇਟ ਡੇਢ ਕਰੋੜ ਰੁਪਏ ਤੋਂ ਵਧਾ ਕੇ ਦੋ ਕਰੋੜ ਰੁਪਏ ਪ੍ਰਤੀ ਏਕੜ ਕਰ ਦਿੱਤਾ ਗਿਆ ਹੈ। ਰਿਹਾਇਸ਼ੀ ਪ੍ਰਤੀ ਵਰਗ ਮਰਲਾ ਇੱਕ ਲੱਖ 80 ਹਜ਼ਾਰ ਤੋਂ ਵਧਾ ਕੇ 2 ਲੱਖ 70 ਹਜ਼ਾਰ ਰੁਪਏ ਕੀਤਾ ਗਿਆ ਹੈ। ਨੈਸ਼ਨਲ ਹਾਈਵੇਅ ਤੋਂ ਦੋ ਕਿਲੋਮੀਟਰ ਤੱਕ ਦੀ ਡੂੰਘਾਈ ਤੱਕ ਇਹ ਰੇਟ ਢਾਈ ਕਰੋੜ ਰੁਪਏ ਕੀਤਾ ਗਿਆ ਹੈ। ਇਸੇ ਪ੍ਰਕਾਰ ਪਿੰਡ ਰੁੜਕੀ ਖਾਮ ਵਿੱਚ 122 ਫ਼ੀਸਦੀ ਵਧਾ ਕੇ ਚੰਦੋਂ ਗੋਬਿੰਦਗੜ੍ਹ ਵਿੱਚ 43 ਫ਼ੀਸਦੀ, ਜਕਰਮਾਜਰੇ ਵਿੱਚ 28 ਫ਼ੀਸਦੀ, ਬਹਾਲਪੁਰ ਵਿਚ 122 ਫ਼ੀਸਦੀ, ਭਗਤਮਾਜਰੇ ਵਿਚ 50 ਫ਼ੀਸਦੀ, ਪਲਹੇੜੀ ’ਚ 150 ਫ਼ੀਸਦੀ ਵਾਧਾ ਕੀਤਾ ਗਿਆ ਹੈ। ਤਹਿਸੀਲ ਖਰੜ ਵਿੱਚ ਪੈਂਦੇ ਕਮਰਸ਼ੀਅਲ ਦੁਕਾਨਾਂ ਤੇ ਬੂਥਾਂ ਦੇ ਖਾਲੀ ਪਲਾਟਾਂ ਦੇ ਰੇਟ 20 ਤੋਂ ਵਧਾ ਕੇ 30 ਹਜ਼ਾਰ ਰੁਪਏ ਪ੍ਰਤੀ ਗਜ਼ ਵਰਗ ਕੀਤੇ ਗਏ ਹਨ। ਚੰਡੀਗੜ੍ਹ-ਰੋਪੜ ਰੋਡ ’ਤੇ ਅਪਰੂਵਡ ਪ੍ਰਾਜੈਕਟਾਂ ਵਿਚ ਇਹ ਰੇਟ 30 ਤੋਂ ਵਧਾ ਕੇ 40 ਹਜ਼ਾਰ ਰੁਪਏ ਪ੍ਰਤੀ ਗਜ਼ ਕੀਤੇ ਗਏ ਹਨ। ਖਰੜ-ਲਾਂੜਰਾ ਰੋਡ ’ਤੇ ਖਰੜ-ਲੁਧਿਆਣਾ ਮੇਨ ਰੋਡ ਉੱਤੇ ਅਪਰੂਵਡ ਪ੍ਰਾਜੈਕਟਾਂ ਵਿਚ ਰੇਟ 40 ਹਜ਼ਾਰ ਰੁਪਏ ਪ੍ਰਤੀ ਗਜ਼ ਕੀਤੇ ਗਏ ਹਨ। ਪੇਂਡੂ ਖੇਤਰਾਂ ’ਚ 7 ਤੋਂ ਵਧਾ ਕੇ 10 ਹਜ਼ਾਰ ਰੁਪਏ ਪ੍ਰਤੀ ਗਜ਼ ਕੀਤੇ ਗਏ ਹਨ।
ਇਸੇ ਤਰ੍ਹਾਂ ਖਰੜ ਤੇ ਕੁਰਾਲੀ ਨਗਰ ਕੌਸਲਾਂ ਅਧੀਨ ਹਸਪਤਾਲ, ਸਕੂਲ, ਸੰਸਥਾਵਾਂ ਦੇ ਰੇਟ ਵੀ ਵਧਾ ਦਿੱਤੇ ਗਏ ਹਨ। ਖਰੜ ਨਗਰ ਕੌਂਸਲ ਵਿੱਚ ਅਪਰੂਵਡ ਕਲੋਨੀਆਂ ਤੇ ਰਿਹਾਇਸ਼ੀ ਪਲਾਟਾਂ ਦੇ ਰੇਟ 10 ਤੋਂ ਵਧਾ ਕੇ 15 ਹਜ਼ਾਰ ਰੁਪਏ ਪ੍ਰਤੀ ਗਜ਼ ਕਰ ਦਿੱਤੇ ਗਏ ਹਨ।