ਉਪ ਰਾਜਪਾਲ ਵੱਲੋਂ ਵਕੀਲਾਂ ਦੇ ਮਾਣ ਭੱਤੇ ’ਚ ਵਾਧਾ
08:29 AM Aug 04, 2023 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਗਸਤ
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਜ਼ਿਲ੍ਹਾ ਅਦਾਲਤਾਂ ਦੇ ਵਿਚੋਲਗੀ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਵਕੀਲਾਂ ਦੇ ਮਾਣਭੱਤੇ ਵਿੱਚ ਵਾਧਾ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਜ ਨਿਵਾਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਹ ਕੇਂਦਰ ਤੀਸ ਹਜ਼ਾਰੀ, ਕੜਕੜਡੂਮਾ, ਰੋਹਿਣੀ, ਦਵਾਰਕਾ, ਸਾਕੇਤ ਅਤੇ ਪਟਿਆਲਾ ਹਾਊਸ ਕੋਰਟ ਕੰਪਲੈਕਸਾਂ ਵਿੱਚ ਕੰਮ ਕਰ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਸੋਧਿਆ ਹੋਇਆ ਮਾਣਭੱਤਾ 7 ਮਈ, 2022 ਤੋਂ ਲਾਗੂ ਹੋਵੇਗਾ। ਵਿਚੋਲਗੀ ਰਾਹੀਂ ਨਿਪਟਾਰੇ ਦੇ ਮਾਮਲਿਆਂ ਵਿੱਚ ਵਿਚੋਲੇ ਨੂੰ 5,000 ਰੁਪਏ ਅਤੇ ਸਬੰਧਤ ਮਾਮਲਿਆਂ ਵਿੱਚ ਵੱਧ ਤੋਂ ਵੱਧ 3,000 ਰੁਪਏ ਦੇ ਅਧੀਨ 1,000 ਰੁਪਏ ਪ੍ਰਤੀ ਕੇਸ ਅਦਾ ਕੀਤੇ ਜਾਣਗੇ। ਕੋਈ ਨਿਪਟਾਰਾ ਨਾ ਹੋਣ ’ਤੇ ਵਿਚੋਲੇ ਨੂੰ 2,500 ਰੁਪਏ ਅਦਾ ਕੀਤੇ ਜਾਣਗੇ। ਅਧਿਕਾਰੀ ਨੇ ਕਿਹਾ ਕਿ ਕੋਈ ਸਮਝੌਤਾ ਨਾ ਹੋਣ ਦੀ ਸਥਿਤੀ ਵਿੱਚ ਵਿਚੋਲੇ ਲਈ ਕੋਈ ਮਾਣ ਭੱਤਾ ਲਾਗੂ ਨਹੀਂ ਹੁੰਦਾ ਸੀ।
Advertisement
Advertisement