ਬੱਦਲਵਾਈ ਕਾਰਨ ਕਸ਼ਮੀਰ ਘਾਟੀ ਦੇ ਤਾਪਮਾਨ ’ਚ ਵਾਧਾ
ਸ੍ਰੀਨਗਰ, 11 ਦਸੰਬਰ
ਕਸ਼ਮੀਰ ਖਾਸ ਕਰਕੇ ਵਾਦੀ ਦੇ ਉੱਚੇ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਕੁੱਝ ਵਾਧਾ ਹੋਇਆ ਹੈ। ਮੌਸਮ ਵਿਭਾਗ ਨੇ ਵੱਖ-ਵੱਖ ਥਾਵਾਂ ’ਤੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੱਦਲਵਾਈ ਕਾਰਨ ਸ੍ਰੀਨਗਰ ਸਮੇਤ ਪੂਰੀ ਵਾਦੀ ’ਚ ਰਾਤ ਦਾ ਤਾਪਮਾਨ ਵਧ ਗਿਆ ਹੈ। ਹਾਲਾਂਕਿ ਕਸ਼ਮੀਰ ਵਾਦੀ ’ਚ ਘੱਟੋ-ਘੱਟ ਤਾਪਮਾਨ ਮਨਫੀ ਤੋਂ ਹੇਠਾਂ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ ਮਨਫੀ ਤਿੰਨ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਬੀਤੀ ਰਾਤ ਮਨਫੀ 5.4 ਡਿਗਰੀ ਸੈਲਸੀਅਸ ਸੀ। ਉੱਤਰੀ ਕਸ਼ਮੀਰ ਦੇ ਗੁਲਮਰਗ ਵਿੱਚ ਰਾਤ ਦਾ ਤਾਪਮਾਨ ਮਨਫ਼ੀ ਛੇ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਨਾਲੋਂ ਤਿੰਨ ਡਿਗਰੀ ਵੱਧ ਹੈ। ਇਸੇ ਤਰ੍ਹਾਂ ਸਾਲਾਨਾ ਅਮਰਨਾਥ ਯਾਤਰਾ ਲਈ ਬੇਸ ਕੈਂਪ ਪਹਿਲਗਾਮ ਦਾ ਘੱਟੋ-ਘੱਟ ਤਾਪਮਾਨ ਮਨਫੀ 1.8 ਡਿਗਰੀ ਸੈਲਸੀਅਸ ਰਿਹਾ। ਪਿਛਲੀ ਰਾਤ ਇੱਥੇ ਤਾਪਮਾਨ ਮਨਫੀ 8.4 ਡਿਗਰੀ ਸੈਲਸੀਅਸ ਸੀ। ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਤਾਪਮਾਨ ਮਨਫ਼ੀ 4.5 ਅਤੇ ਦੱਖਣੀ ਕਸ਼ਮੀਰ ਦੇ ਕੋਕਰਨਾਗ ਵਿੱਚ ਮਨਫੀ 2 ਡਿਗਰੀ ਸੈਲਸੀਅਸ ਦਰਜ ਸੀ। ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਕਸ਼ਮੀਰ ਦੇ ਉੱਚੇ ਇਲਾਕਿਆਂ ’ਚ ਬਰਫਬਾਰੀ ਹੋਈ। ਡਾਕਟਰਾਂ ਨੇ ਵਿਸ਼ੇਸ਼ ਤੌਰ ’ਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਵਧਾਨੀ ਵਰਤਣ ਅਤੇ ਠੰਢ ਤੋਂ ਬਚਣ ਲਈ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। -ਪੀਟੀਆਈ