For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵਾਧਾ

07:07 AM Nov 02, 2024 IST
ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵਾਧਾ
ਅਟਾਰੀ ਨੇੜੇ ਖੇਤਾਂ ’ਚ ਪਰਾਲੀ ਸਾੜਦਾ ਹੋਇਆ ਕਿਸਾਨ। -ਫੋਟੋ: ਵਿਸ਼ਾਲ ਕੁਮਾਰ
Advertisement

* ਇੱਕੋ ਦਿਨ ਪਰਾਲੀ ਸਾੜਨ ਦੀਆਂ 587 ਘਟਨਾਵਾਂ ਵਾਪਰੀਆਂ
* ਦੀਵਾਲੀ ਮੌਕੇ ਚਲਾਏ ਗਏ ਪਟਾਕਿਆਂ ਕਾਰਨ ਵੀ ਪ੍ਰਦੂਸ਼ਣ ਵਧਿਆ
* ਅੰਮ੍ਰਿਤਸਰ ’ਚ ਹਵਾ ਦੀ ਗੁਣਵੱਤਾ ਰਹੀ ਸਭ ਤੋਂ ਖਰਾਬ

Advertisement

ਮੋਹਿਤ ਖੰਨਾ/ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਨਵੰਬਰ
ਪੰਜਾਬ ’ਚ ਅੱਜ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਇੱਕ ਦਿਨ ਅੰਦਰ ਹੀ ਪਰਾਲੀ ਸਾੜਨ ਦੀਆਂ 587 ਘਟਨਾਵਾਂ ਵਾਪਰੀਆਂ ਹਨ। ਖਿੱਤੇ ’ਚ ਅੱਜ ਦੀਵਾਲੀ ਮੌਕੇ ਪਟਾਕੇ ਚਲਾਏ ਜਾਣ ਕਾਰਨ ਵੀ ਪ੍ਰਦੂਸ਼ਣ ’ਚ ਵਾਧਾ ਹੋਇਆ ਹੈ ਅਤੇ ਹਵਾ ਦਾ ਮਿਆਰ ਹੋਰ ਖਰਾਬ ਹੋ ਗਿਆ ਹੈ।
ਅੰਮ੍ਰਿਤਸਰ ’ਚ ਹਵਾ ‘ਬਹੁਤ ਮਾੜੀ’ ਸ਼੍ਰੇਣੀ ’ਚ ਪੁੱਜ ਗਈ ਅਤੇ ਹਵਾ ਗੁਣਵੱਤਾ ਸੂਚਕਅੰਕ (ਏਕਿਊਆਈ) 352 ਦਰਜ ਕੀਤਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੰਕੜਾ ਆਉਂਦੇ ਦਿਨਾਂ ’ਚ ਹੋਰ ਵੱਧ ਸਕਦਾ ਹੈ ਕਿ ਕਿਉਂਕਿ ਕਣਕ ਬੀਜਣ ਦਾ ਸੀਜ਼ਨ (1 ਤੋਂ 15 ਨਵੰਬਰ) ਅੱਜ ਸ਼ੁਰੂ ਹੋ ਗਿਆ ਹੈ। ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨ ਵਾਸਤੇ ਕਿਸਾਨ ਪਰਾਲੀ ਸਾੜਨ ਲੱਗੇ ਹਨ।
ਪੰਜਾਬ ’ਚ ਹੁਣ ਤੱਕ ਪਰਾਲੀ ਸਾੜਨ ਦੀਆਂ ਕੁੱਲ 3537 ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ’ਚੋਂ 1071 ਘਟਨਾਵਾਂ ਪਿਛਲੇ ਦੋ ਦਿਨਾਂ ਅੰਦਰ ਦਰਜ ਕੀਤੀਆਂ ਗਈਆਂ ਹਨ ਜਦਕਿ 484 ਘਟਨਾਵਾਂ ਵੀਰਵਾਰ ਨੂੰ ਵਾਪਰੀਆਂ ਸਨ। ਸੰਗਰੂਰ ’ਚ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ 79 ਘਟਨਾਵਾਂ ਵਾਪਰੀਆਂ ਜਦਕਿ ਫਿਰੋਜ਼ਪੁਰ ’ਚ 70 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਤਰਨ ਤਾਰਨ ’ਚ 59, ਮਾਨਸਾ ’ਚ 47, ਕਪੂਰਥਲਾ ’ਚ 43 ਅਤੇ ਪਟਿਆਲਾ ਤੇ ਅੰਮ੍ਰਿਤਸਰ ’ਚ 40-40 ਘਟਨਾਵਾਂ ਵਾਪਰੀਆਂ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ਪਾਲ ਸਿਘ ਵਿੱਗ ਨੇ ਕਿਹਾ ਕਿ ਕਣਕ ਦੀ ਬਿਜਾਈ ਦਾ ਸਮਾਂ ਸ਼ੁਰੂ ਹੋਣ ਨਾਲ ਆਉਣ ਵਾਲੇ ਦੋ ਹਫ਼ਤੇ ਕਾਫੀ ਗੰਭੀਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਸਾਨਾਂ ਨੂੰ ਪਰਾਲੀ ਦਾ ਨਿਬੇੜਾ ਬਿਨਾਂ ਸਾੜੇ ਕਰਨ ਲਈ ਪ੍ਰੇਰਿਤ ਕਰਨ। ਦੂਜੇ ਪਾਸੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਏਕਿਊਆਈ ਵੀ ਮਾੜੀ ਸ਼੍ਰੇਣੀ ’ਚ ਦਰਜ ਕੀਤਾ ਗਿਆ ਹੈ। ਅੱਜ ਅੰਮ੍ਰਿਤਸਰ ਦਾ ਏਕਿਊਆਈ 352 ਅੰਕ ’ਤੇ ਰਿਹਾ ਜਦਕਿ 109 ਅੰਕ ਨਾਲ ਬਠਿੰਡਾ ’ਚ ਹਵਾ ਦੀ ਗੁਣਵੱਤਾ ਬਿਹਤਰ ਦਰਜ ਕੀਤੀ ਗਈ। ਪਰਾਲੀ ਸਾੜਨ ਦੀਆਂ ਘਟਨਾਵਾਂ ਤੇ ਦੀਵਾਲੀ ਮੌਕੇ ਚਲਾਏ ਗਏ ਪਟਾਕਿਆਂ ਕਾਰਨ ਮੰਡੀ ਗੋਬਿੰਦਗੜ੍ਹ, ਲੁਧਿਆਣਾ, ਜਲੰਧਰ ਤੇ ਪਟਿਆਲਾ ’ਚ ਹਵਾ ਦੀ ਗੁਣਵੱਤਾ ਮਾੜੀ ਸ਼੍ਰੇਣੀ ’ਚ ਦਰਜ ਕੀਤੀ ਗਈ।

Advertisement

Advertisement
Author Image

joginder kumar

View all posts

Advertisement