ਸਬਜ਼ੀਆਂ ਦੀਆਂ ਕੀਮਤਾਂ ’ਚ ਉਛਾਲ ਕਾਰਨ ਖ਼ੁਰਾਕੀ ਮਹਿੰਗਾਈ ਦਰ ਵਿਚ ਵਾਧਾ
ਨਵੀਂ ਦਿੱਲੀ, 14 ਅਕਤੂਬਰ
Price inflation rises in India: ਖ਼ੁਰਾਕੀ ਵਸਤਾਂ, ਖ਼ਾਸਕਰ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਰ ਕੇ ਸਤੰਬਰ ਮਹੀਨੇ ਦੌਰਾਨ ਖ਼ੁਰਾਕੀ ਵਸਤਾਂ ਦੀ ਮਹਿੰਗਾਈ ਦਰ ਵਿਚ ਜ਼ੋਰਦਾਰ ਇਜ਼ਾਫ਼ਾ ਹੋਇਆ ਹੈ, ਜਿਹੜੀ ਅਗਸਤ ਮਹੀਨੇ ਦੇ ਮੁਕਾਬਲੇ 8.42 ਫ਼ੀਸਦੀ ਵਧ ਕੇ 11.53 ਫ਼ੀਸਦੀ ਹੋ ਗਈ ਹੈ, ਜਦੋਂਕਿ ਥੋਕ ਮੁੱਲ ਮਹਿੰਗਾਈ ਦਰ ਸਤੰਬਰ ਮਹੀਨੇ ਦੌਰਾਨ ਵਧ ਕੇ 1.84 ਫ਼ੀਸਦੀ ਹੋ ਗਈ। ਇਹ ਜਾਣਕਾਰੀ ਸੋਮਵਾਰ ਨੂੰ ਜਾਰੀ ਸਰਕਾਰੀ ਵੇਰਵਿਆਂ ਵਿਚ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਅਗਸਤ ਮਹੀਨੇ ਦੌਰਾਨ ਥੋਕ ਮੁੱਖ ਸੂਚਕ ਅੰਕ ਆਧਾਰਤ ਮਹਿੰਗਾਈ ਦਰ 1.31 ਫ਼ੀਸਦੀ ਸੀ, ਜਿਹੜੀ ਸਤੰਬਰ ਦੌਰਾਨ 0.53 ਫ਼ੀਸਦੀ ਵਧ ਕੇ 1.84 ਫ਼ੀਸਦੀ ਹੋ ਗਈ ਹੈ। ਜੁਲਾਈ ਮਹੀਨੇ ਦੌਰਾਨ ਇਹ ਦਰ 2.04 ਫ਼ੀਸਦੀ ਸੀ, ਜਦੋਂਕਿ ਬੀਤੇ ਸਾਲ ਸਤੰਬਰ ਵਿਚ ਇਹ 0.07 ਫ਼ੀਸਦੀ ਘਟੀ ਸੀ।
ਖ਼ੁਰਾਕੀ ਵਸਤਾਂ ਦੀ ਮਹਿੰਗਾਈ ਦਰ ਵਿਚ ਭਾਰੀ ਵਾਧਾ ਸਬਜ਼ੀਆਂ ਦੀਆਂ ਕੀਮਤਾਂ ਵਿਚ ਜ਼ੋਰਦਾਰ ਉਛਾਲ ਕਾਰਨ ਹੋਇਆ ਹੈ, ਕਿਉਂਕਿ ਸਬਜ਼ੀਆਂ ਦੀ ਮਹਿੰਗਾਈ ਦਰ ਸਤੰਬਰ ਦੌਰਾਨ 48.73 ਫ਼ੀਸਦੀ ਵਧੀ ਸੀ। ਅਗਸਤ ਮਹੀਨੇ ਦੌਰਾਨ ਇਹ 10.01 ਫ਼ੀਸਦੀ ਘਟ ਗਈ ਸੀ। -ਪੀਟੀਆਈ