ਕੁਲੈਕਟਰ ਕੀਮਤਾਂ ’ਚ ਵਾਧਾ ਪੰਜਾਬੀਆਂ ਨਾਲ ਧੋਖਾ: ਜੀਤੀ ਪਡਿਆਲਾ
ਪੱਤਰ ਪ੍ਰੇਰਕ
ਕੁਰਾਲੀ, 22 ਸਤੰਬਰ
ਜ਼ਿਲ੍ਹਾ ਕਾਂਗਰਸ ਅਤੇ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜ਼ਮੀਨਾਂ ਦੀਆਂ ਕੁਲੈਕਟਰ ਕੀਮਤਾਂ ਵਿੱਚ ਵੱਡਾ ਵਾਧਾ ਕਰਕੇ ਪੰਜਾਬੀਆਂ ਨਾਲ ਸ਼ਰੇਆਮ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹਾ ਮੁਹਾਲੀ ਦੇ ਪਿੰਡਾਂ ਦੀਆਂ ਜ਼ਮੀਨਾਂ ਦੇ ਕੁਲੈਕਟਰ ਰੇਟਾਂ ਵਿੱਚ ਦੁੱਗਣੇ ਤੋਂ ਲੈ ਕੇ ਇਸ ਤੋਂ ਵੀ ਵੱਧ ਵਾਧਾ ਕੀਤਾ ਗਿਆ ਹੈ ਅਤੇ ਤਹਿਸੀਲ ਖਰੜ ਦੇ ਕਈ ਪਿੰਡਾਂ ਵਿੱਚ ਇਹ ਵਾਧਾ 120 ਤੋਂ 150 ਫੀਸਦ ਤੋਂ ਵੀ ਜ਼ਿਆਦਾ ਹੈ। ਜੀਤੀ ਪਡਿਆਲਾ ਨੇ ਕਿਹਾ ਕਿ ਇਸ ਕਾਰਨ ਹਲਕੇ ਦੇ ਲੋਕਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਖੁਦ ਹੀ ਬਿਨ੍ਹਾਂ ਐੱਨਓਸੀ ਦੇ ਰਜਿਸਟਰੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਜਨਤਾ ਦੀਆਂ ਅੱਖਾਂ ਵਿੱਚ ਘੱਟਾ ਪਾਉਂਦਿਆਂ ਵੋਟਾਂ ਦਾ ਲਾਹਾ ਲੈਣ ਲਈ 2 ਨਵੰਬਰ ਤੱਕ ਬਗੈਰ ਐੱਨਓਸੀ ਦੇ ਰਜਿਸਟਰੀਆਂ ਕਰਨ ਦਾ ਇੱਕ ਹੋਰ ਸ਼ੋਸ਼ਾ ਛੱਡਿਆ ਗਿਆ ਹੈ। ਪਡਿਆਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਸਬੰਧੀ ਹਾਲੇ ਤੱਕ ਨੋਟੀਫਿਕੇਸ਼ਨ ਜਾਰੀ ਹੀ ਨਹੀਂ ਕੀਤਾ ਗਿਆ ਜਦਕਿ ਲੋਕ ਤਹਿਸੀਲਾਂ ਵਿੱਚੋਂ ਧੱਕੇ ਖਾ ਕੇ ਬੇਰੰਗ ਘਰਾਂ ਨੂੰ ਪਰਤਣ ਲਈ ਮਜਬੂਰ ਹਨ।