For the best experience, open
https://m.punjabitribuneonline.com
on your mobile browser.
Advertisement

ਬੇਮੇਲ, ਬੇਤੁਕੇ ਤੇ ਹਾਸੋਹੀਣੇ ਬੋਲ: ਮੈਲਾਪਰੌਪਿਜ਼ਮ

07:53 AM Nov 12, 2023 IST
ਬੇਮੇਲ  ਬੇਤੁਕੇ ਤੇ ਹਾਸੋਹੀਣੇ ਬੋਲ  ਮੈਲਾਪਰੌਪਿਜ਼ਮ
Advertisement

ਪ੍ਰੋ. ਜਸਵੰਤ ਸਿੰਘ ਗੰਡਮ

ਇੱਕ ਦੱਖਣ ਭਾਰਤੀ ਫਿਲਮ ਦੇਖ ਰਿਹਾ ਸੀ। ਉਸ ਵਿੱਚ ਇੱਕ ਘੱਟ ਪੜ੍ਹੀ ਪਾਤਰ ਨੂੰ ਆਮ ਗੱਲਬਾਤ ਕਰਦਿਆਂ ਅੰਗਰੇਜ਼ੀ ਦੇ ਸ਼ਬਦ ਵਰਤਣ ਦੀ ਬਿਮਾਰੀ ਹੈ (ਇਹ ਬਿਮਾਰੀ ਪੁਰਸ਼ਾਂ ਵਿੱਚ ਵੀ ਘੱਟ ਨਹੀਂ)। ਉਹ ਅਜਿਹੇ ਸ਼ਬਦ ਵਰਤਦੀ ਹੈ ਕਿ ਅਰਥਾਂ ਦਾ ਅਨਰਥ ਹੋ ਜਾਂਦਾ ਹੈ। ਸ਼ਬਦ ਧੁਨੀ ਕਰਕੇ ਇੱਕੋ ਜਿਹੇ ਲੱਗਦੇ ਹਨ ਪਰ ਅਰਥਾਂ ਵਜੋਂ ਬਿਲਕੁਲ ਵਿਪਰੀਤ। ਉਦਾਹਰਣ ਵਜੋਂ ਇੱਕ ਥਾਂ ਪਾਤਰਾਂ ਵਿੱਚ ਕਿਸੇ ਸਥਿਤੀ ਨੂੰ ਲੈ ਕੇ ਸੰਵਾਦ ਹੈ: ਮੈਨੇ ‘ਐਕਸੀਲੇਟਰ ਬੇਲ’ ਲੇ ਰਖੀ ਹੈ; ਨਹੀਂ ਇਸੇ ‘ਐਂਟੀਸੈਪਟਿਕ ਬੇਲ’ ਕਹਿਤੇ ਹੈਂ। ਇਹ ਸ਼ਬਦ ‘ਐਂਟੀਸਿਪੇਟਰੀ ਬੇਲ’ (ਅਗਾਊਂ ਜ਼ਮਾਨਤ ਲਈ ਵਰਤੇ ਗਏ ਹਨ। ‘ਐਕਸੀਲੇਟਰ’ ਦਾ ਅਰਥ ਗਤੀ-ਵਰਧਕ ਯੰਤਰ ਹੁੰਦਾ ਹੈ ਅਤੇ ‘ਬੇਲ‘ ਦਾ ਅਰਥ ਜ਼ਮਾਨਤ। ‘ਐਂਟੀਸੈਪਟਿਕ’ ਦਾ ਅਰਥ ਕੀਟਾਣੂਨਾਸ਼ਕ ਔਸ਼ਧੀ ਹੁੰਦਾ ਹੈ।
ਜਿਨ੍ਹਾਂ ਲਈ ਕਾਲਾ ਅੱਖਰ ਭੈਂਸ ਬਰਾਬਰ ਹੁੰਦਾ ਹੈ ਉਹ ਵੀ ਅੰਗਰੇਜ਼ੀ ਦੇ ਸ਼ਬਦ ਵਰਤਣੋਂ ਨਹੀਂ ਟਲਦੇ। ਨਤੀਜੇ ਵਜੋਂ ‘ਮੈਰੇਜ ਐਨੀਵਰਸਰੀ’ (ਸ਼ਾਦੀ ਦੀ ਵਰ੍ਹੇਗੰਢ) ‘ਮੀਰਾਜ (ਮ੍ਰਿਗਮਰੀਚਿਕਾ/ਛਲਾਵਾ) ‘ਐਡਵਰਸਰੀ’ (ਵੈਰ/ ਵਿਰੋਧੀ/ ਵਿਪੱਖੀ) ਹੋ ਨਬਿੜਦੀ ਹੈ ਅਤੇ ‘ਵੈਡਿੰਗ ਐਨੀਵਰਸਰੀ’, ‘ਵਾਈਂਡਿੰਗ ਯੂਨੀਵਰਸਿਟੀ’ (ਵਲੇਂਵੇਦਾਰ ਵਿਸ਼ਵਵਿਦਿਆਲਾ) ਬਣ ਜਾਂਦੀ ਹੈ।
ਇਨ੍ਹਾਂ ਅਨਰਥਾਂ ਤੋਂ ਸਾਨੂੰ ਵਿਆਹ ਬਾਰੇ ਦੋ ਮਜ਼ਾਹੀਆ ਗੱਲਾਂ ਯਾਦ ਆ ਗਈਆਂ ਹਨ। ਇਹ ਗੱਲਾਂ ਇੱਕ ਟੀਵੀ ਪ੍ਰੋਗਰਾਮ ਵਿੱਚ ਇੱਕ ਹਾਸਰਸ ਕਵੀ ਦੀ ਪਤਨੀ ਨੇ ਸੁਣਾਈਆਂ ਸਨ: ‘‘ਵਿਆਹ ਕੇ ਪਹਿਲੇ ਵਰਸ਼ ਪਤਨੀ ਹੋਤੀ ਹੈ ਚੰਦਰਮੁਖੀ, ਦੂਸਰੇ ਮੇਂ ਸੂਰਜਮੁਖੀ, ਤੀਸਰੇ ਵਰਸ਼ ਜਵਾਲਾਮੁਖੀ ਹੋ ਜਾਤੀ ਹੈ’। ਇਸੇ ਤਰ੍ਹਾਂ ਹੀ ‘ਵਿਆਹ ਕੇ ਪਹਿਲੇ ਵਰਸ਼ ਪਤੀ ਹੋਤਾ ਹੈ ਪ੍ਰਾਣਨਾਥ, ਦੂਸਰੇ ਮੇਂ ਨਾਥ, ਔਰ ਤੀਸਰੇ ਮੇਂ ਤੋ ਅਨਾਥ ਹੋ ਜਾਤਾ ਹੈ’। ਇੱਕ ਹੋਰ ਹਾਸਰਸ ਕਵੀ ਦੀ ਪਤਨੀ ਨੇ ਇੱਕ ਮਜ਼ਾਹੀਆ ਟੀਵੀ ਸ਼ੋਅ ਵਿੱਚ ‘ਅਰੇਂਜਡ ਮੈਰੇਜ’ (ਪਰਿਵਾਰ ਵੱਲੋਂ ਤੈਅਸ਼ੁਦਾ ਸ਼ਾਦੀ) ਅਤੇ ‘ਲਵ ਮੈਰੇਜ’ (ਪ੍ਰੇਮ ਵਿਆਹ) ਵਿੱਚ ਫ਼ਰਕ ਦੱਸਦਿਆਂ ਕਿਹਾ ਸੀ: ‘‘ਅਰੇਂਜਡ ਮੈਰੇਜ ਉਹ ਹੈ ਕਿ ਤੁਸੀਂ ਕਿਤੇ ਜਾ ਰਹੇ ਹੋਵੋ ਤੇ ਅਚਾਨਕ ਸੱਪ ਡੰਗ ਜਾਏ, ਪਰ ਲਵ ਮੈਰੇਜ (ਪ੍ਰੇਮ ਵਿਆਹ) ਤਾਂ ‘ਸੱਪ ਅੱਗੇ ਬੀਨ ਵਜਾਉਣਾ, ਨੱਚਣਾ ਤੇ ਵਾਰ ਵਾਰ ਕਹਿਣਾ ‘ਆ, ਮੈਨੂੰ ਡੱਸ, ਆ ਮੈਨੂੰ ਡੱਸ’।’’ ਖ਼ੈਰ, ਗੱਲ ਚੱਲੀ ਸੀ ਸਮਾਨ ਧੁਨੀ ਵਾਲੇ, ਪਰ ਉਲਟ ਅਰਥਾਂ ਵਾਲੇ ਸ਼ਬਦਾਂ ਦੀ ਵਰਤੋਂ ਦੀ। ਇਸ ਨੂੰ ਅੰਗਰੇਜ਼ੀ ਵਿੱਚ ਮੈਲਾਪਰੌਪਿਜ਼ਮ ਕਹਿੰਦੇ ਹਨ। ਇਹ ਟਰਮ ਐਂਗਲੋ-ਆਇਰਿਸ਼ ਨਾਟਕਕਾਰ ਅਤੇ ਆਗੂ ਰਿਚਰਡ ਬਰਿੰਸਲੇ ਸ਼ੈਰੀਡਨ (1751-1816) ਦੇ 1775 ਦੇ ਪ੍ਰਸਿੱਧ ਮਜ਼ਾਹੀਆ ਨਾਟਕ ‘ਦਿ ਰਾਈਵਲਜ਼’ (ਸ਼ਰੀਕ/ਰਕੀਬ) ਦੀ ਮਹਿਲਾ ਪਾਤਰ ‘ਮੈਲਾਪਰੌਪ’ ਤੋਂ ਬਣੀ ਹੈ।
ਇਸ ਦਾ ਅਰਥ ਸ਼ਬਦ ਪ੍ਰਯੋਗ ਵਿੱਚ ਹਾਸੋਹੀਣੀ ਗ਼ਲਤੀ ਜਾਂ ਹਾਸੋਹੀਣਾ ਸ਼ਬਦ ਪ੍ਰਯੋਗ ਹੈ। ਬੇਮੇਲ, ਬੇਤੁਕੇ ਹਾਸਰਸੀ ਬੋਲ। ਇਹ ਇੱਕ ਦਿਲਚਸਪ ਗ਼ਲਤੀ ਹੁੰਦੀ ਹੈ। ਇਹ ਇੱਕ ਸਾਹਿਤਕ ਵਿਧੀ ਹੈ ਜੋ ਮਜ਼ਾਹ ਉਤਪੰਨ ਕਰਨ ਲਈ ਵਰਤੀ ਜਾਂਦੀ ਹੈ। ਇਸ ਤਹਿਤ ਪਾਤਰ ਜਾਂ ਤਾਂ ਅਗਿਆਨਤਾਵੱਸ ਜਾਂ ਜਾਣਬੁੱਝ ਕੇ ਅਜਿਹਾ ਕਰਦਾ/ਕਰਦੀ ਹੈ। ਜਾਣਬੁੱਝ ਕੇ ਜਾਂ ਅਣਜਾਣਪੁਣੇ ਵਿੱਚ ਕੀਤੇ ਗਏ ਇਸ ਸ਼ਬਦ ਪ੍ਰਯੋਗ ਦਾ ਪ੍ਰਭਾਵ ਇੱਕੋ ਜਿਹਾ ਹੀ ਪੈਂਦਾ ਹੈ, ਭਾਵ ਕਾਮੇਡੀ (ਹਾਸਰਸ) ਕਰਨਾ।
ਮੈਲਾਪਰੌਪਿਜ਼ਮ ਦਾ ਮੂਲ ਫਰਾਂਸੀਸੀ ਭਾਸ਼ਾ ਦੇ ਵਾਕਅੰਸ਼ ‘ਮੈਲ ਅ ਪਰੋਪੋਜ਼’ ਹੈ ਜਿਸ ਦਾ ਅਰਥ ਹੈ ਮਾੜੇ ਢੰਗ ਨਾਲ ਸਥਾਪਤ, ਭਾਵ ਅਜਿਹਾ ਸ਼ਬਦ ਜੋ ਅਢੁਕਵਾਂ ਹੋਵੇ। ਔਨਲਾਈਨ ਐਟੀਮੌਲੋਜੀ ਡਿਕਸ਼ਨਰੀ ਇਸ ਦਾ ਸ਼ਾਬਦਿਕ ਅਰਥ ‘ਮੌਕੇ/ਮਕਸਦ ਲਈ ਮਾੜਾ’ (ਮਾਲੰਪਰੋਪੋਜ਼ਰ) ਕਰਦੀ ਹੈ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵਿੱਚ ਇਸ ਨੂੰ ‘ਭਾਰੀ ਸ਼ਾਬਦਿਕ ਭੁੱਲ’ ਕਿਹਾ ਗਿਆ ਹੈ।
ਭਾਵੇਂ ਸ਼ੈਰੀਡਨ ਤੋਂ ਪਹਿਲਾਂ ਹੋਏ ਮਹਾਨ ਅੰਗਰੇਜ਼ੀ ਲੇਖਕ ਵਿਲੀਅਮ ਸ਼ੇਕਸਪੀਅਰ (1564-1616) ਨੇ ਇਸ ਹਾਸ ਵਿਧੀ ਨੂੰ ਪਹਿਲਾਂ ਵਰਤਿਆ ਹੈ (ਖ਼ਾਸਕਰ ਨਾਟਕ ‘ਮੱਚ ਐਡੋ ਅਬਾਊਟ ਨਥਿੰਗ ਵਿੱਚ), ਪਰ ਇਹ ਟਰਮ ਜੁੜੀ ਸ਼ੈਰੀਡਨ ਨਾਲ ਹੀ ਹੈ।
ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਅਨੁਸਾਰ ਇਸ ਦੀ ਅੰਗਰੇਜ਼ੀ ਵਿੱਚ ਦਰਜਸ਼ੁਦਾ ਵਰਤੋਂ 1630 ਤੋਂ ਸਮਝੀ ਜਾਂਦੀ ਹੈ।
ਇਸ ਦੇ ਸਮਾਨਾਰਥੀ ਸ਼ਬਦ ਡੌਗਬੈਰੀਇਜ਼ਮ ਦੀ ਉਤਪਤੀ ਸ਼ੇਕਸਪੀਅਰ ਦੇ ਉਪਰੋਕਤ ਵਰਣਨ ਕੀਤੇ ਗਏ 1598 ਦੇ ਨਾਟਕ ਵਿੱਚ ਪਾਤਰ ਡੌਗਬੈਰੀ ਤੋਂ ਹੈ ਜੋ ਹਾਸਰਸ ਪੈਦਾ ਕਰਨ ਹਿਤ ਸਮਾਨ ਧੁਨੀ ਪਰ ਉਲਟ ਅਰਥਾਂ ਵਾਲੇ ਸ਼ਬਦਾਂ ਦੀ ਵਰਤੋਂ ਕਰਦਾ ਹੈ। ਸ਼ੈਰੀਡਨ ਦੀ ਮਹਿਲਾ ਪਾਤਰ ਸ੍ਰੀਮਤੀ ਮੈਲਾਪਰੌਪ ਤਾਂ ਐਨੇਂ ਅਢੁਕਵੇਂ ਸ਼ਬਦ ਵਰਤਦੀ ਹੈ ਕਿ ਜੇ ਸਾਰੀਆਂ ਉਦਾਹਰਨਾਂ ਦੇਣ ਲੱਗੀਏ ਤਾਂ ਲੇਖ ਬਹੁਤ ਲੰਮੇਰਾ ਹੋ ਜਾਵੇਗਾ। ਇੱਕਾ-ਦੁੱਕਾ ਉਦਾਹਰਨਾਂ ਨਾਲ ਹੀ ਸਾਰਦੇ ਹਾਂ: ਇਲਿਟਰੇਟ ਹਿਮ ਫਰੌਮ ਯੂਅਰ ਮੈਮੋਰੀ (ਉਸ ਨੂੰ ਆਪਣੀ ਯਾਦ ’ਚੋਂ ਅਨਪੜ੍ਹ/ ਉਜੱਡ ਕਰ ਦਿਉ) ਜਦੋਂਕਿ ਉਸ ਦਾ ਕਹਿਣ ਤੋਂ ਭਾਵ ਹੁੰਦਾ ਹੈ ਔਬਲੀਟਰੇਟ...(ਮੁੱਢੋਂ ਸੁੱਢੋਂ ਯਾਦ ’ਚੋਂ ਕੱਢ ਦਿਉ); ਹੀ ਇਜ਼ ਦਿ ਵੈਰੀ ਪਾਈਨਐਪਲ ਆਫ ਪੁਲਾਈਟਨੈਸ (ਉਹ ਸਨਿਮਰਤਾ ਦਾ ਅਨਾਨਾਸ ਹੈ) ਜਦੋਂਕਿ ਸਹੀ ਸ਼ਬਦ ‘ਪਿਨੈਕਲ’ (ਚਰਮਸੀਮਾ/ਸਿਖਰ) ਹੈ। ਕਾਸ਼ ਮੇਰੀ ਧੀ ਸਹੀ ਅਰਥ ‘ਰੈਪਰੀਹੈਂਡ’ (ਧਿਕਾਰਨਾ/ਫਿਟਕਾਰਨਾ) ਕਰ ਲੈਂਦੀ (ਅਸਲ ਸ਼ਬਦ ਸੀ ‘ਕੰਪਰੀਹੈਂਡ’, ਸਮਝ ਲੈਂਦੀ)। ਉਸ ਨੂੰ ਖੇਦ ਹੈ ਕਿ ਉਸ ਦੀ ਭਤੀਜੀ ਉਪਰ ਉਸ ਦਾ ‘ਐਫਲੂਐਂਸ’ (ਸਮ੍ਰਿਧੀ) ਬਹੁਤ ਥੋੜ੍ਹਾ ਹੈ (ਭਾਵ ਇਨਫਲੂਐਂਸ, ਪ੍ਰਭਾਵ, ਬਹੁਤ ਘੱਟ ਹੈ)। ਉਹ ਗੁਣਵਾਚਕ ਵਿਸ਼ੇਸ਼ਣ (ਐਪੀਥੈਟਸ) ਦੀ ਬਜਾਏ ਕਬਰ ਦਾ ਕੁਤਬਾ/ਸਮਾਧੀ ਲੇਖ (ਐਪੀਟਾਪਸ), ਨਾਲਦੇ (ਕਾਂਗਰੂਅੱਸ) ਮੁਲਕਾਂ ਲਈ ਲਾਗ/ ਛੂਤ ਦਾ ਰੋਗ (ਕੰਨਟੇਜੀਅਸ) ਆਦਿ ਸ਼ਬਦਾਂ ਦਾ ਪ੍ਰਯੋਗ ਕਰਦੀ ਹੈ।
ਇੱਥੇ ਸਾਨੂੰ ਦੋ ਘਟਨਾਵਾਂ ਯਾਦ ਆ ਜਾਂਦੀਆਂ ਹਨ। ਸੰਸਥਾ ਵਿੱਚ ਵਧੇਰੇ ਵਿਦਿਆਰਥੀਆਂ ਨੂੰ ਆਉਣ ਲਈ ਪ੍ਰੇਰਿਤ ਕਰਨ ਲਈ ਮੁਖੀ ਵੱਲੋਂ ਮਾਤਹਿਤਾਂ ਨੂੰ ਉਨ੍ਹਾਂ ਨਾਲ ‘ਸਰੀਰਕ ਸੰਪਰਕ’ (ਫਿਜ਼ੀਕਲ ਕਨਟੈਕਟ) ਕਰਨ ਲਈ ਕਹਿਣ ’ਤੇ ਹਲਚਲ ਜਿਹੀ ਮੱਚ ਜਾਂਦੀ ਹੈ (ਉਸ ਦਾ ਅਸਲੀ ਮਕਸਦ ਨਿੱਜੀ, ‘ਪਰਸਨਲ’ ਸੰਪਰਕ ਕਰਨ ਤੋਂ ਸੀ)। ਇੱਕ ਮੰਚ-ਸੰਚਾਲਿਕਾ ਵਿਦਿਆਰਥੀਆਂ ਅਤੇ ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਬੇਨਤੀ ਕਰਦੀ ਹੈ ਕਿ ‘ਜਦੋਂ ਮੁੱਖ ਮਹਿਮਾਨ ਗੁਜ਼ਰ ਜਾਣ ਤਾਂ ਸਭ ਖੜ੍ਹਨ ਦੀ ਕ੍ਰਿਪਾਲਤਾ ਕਰਨ।’ ਉਹ ਅੰਗਰੇਜ਼ੀ ਦਾ ਵਾਕੰਸ਼ ‘ਪਾਸ ਅਵੇ’ (ਗੁਜ਼ਰ/ ਮਰ ਜਾਣਾ) ਵਰਤਦੀ ਹੈ ਜਦੋਂਕਿ ਉਸ ਦਾ ਭਾਵ ਕੋਲੋਂ ਦੀ ਲੰਘਣਾ/ਗੁਜ਼ਰਨਾ (ਪਾਸ ਬਾਇ) ਸੀ। ਬਾਅਦ ਵਿੱਚ ਉਸ ਨਾਲ ਕੀ ਗੁਜ਼ਰੀ ਹੋਵੇਗੀ ਉਹ ਤਾਂ ਉਹ ਹੀ ਜਾਣੇ ਤੇ ਜਾਂ ਫਿਰ ‘ਉਹ ਜਾਣੇ’। ਭਲਾ 2009 ਦੀ ਮਸ਼ਹੂਰ ਹਿੰਦੀ ਫਿਲਮ ‘ਥਰੀ ਈਡੀਅਟਸ’ (ਤਿੰਨ ਮੂਰਖ) ਦਾ ਉਹ ਦ੍ਰਿਸ਼ ਕਿਸ ਨੂੰ ਭੁੱਲ ਸਕਦਾ ਹੈ ਜਿਸ ਵਿੱਚ ਇੱਕ ਕਿਤਾਬੀ ਕੀੜਾ/ਰੱਟਾਮਾਰ ਪਾਤਰ ਕਾਲਜ ਦੇ ਇੱਕ ਸਮਾਗਮ ਜਿਸ ਦੀ ਪ੍ਰਧਾਨਗੀ ਇੱਕ ਮੰਤਰੀ ਕਰ ਰਿਹਾ ਸੀ, ਵਿੱਚ ਲਿਖਿਆ ਹੋਇਆ ਭਾਸ਼ਣ ਪੜ੍ਹਦਾ ਹੈ ਜਿਸ ਵਿੱਚ ਨਾਇਕ ਨੇ ਸ਼ਰਾਰਤਵੱਸ ਹਾਸੋਹੀਣੀਆਂ ਸਗੋਂ ਖ਼ਤਰਨਾਕ ਹੱਦ ਤੱਕ ਹਾਸੋਹੀਣੀਆਂ ਤਬਦੀਲੀਆਂ ਕਰ ਦਿੱਤੀਆਂ ਹਨ। ਨਤੀਜੇ ਵਜੋਂ ਚਮਤਕਾਰ, ਬਲਾਤਕਾਰ ਬਣ ਜਾਂਦਾ ਹੈ ਅਤੇ ਹੋਰ ਵੀ ਕਈ ਸ਼ਬਦ। ਅੱਗੋਂ ਹੋਇਆ ਵਾਪਰਿਆ ਆਪ ਸਭ ਨੂੰ ਪਤਾ ਹੀ ਹੈ।
ਅਨਪੜ੍ਹ ਜਾਂ ਘੱਟ ਪੜ੍ਹੇ ਆਮ ਬੋਲਚਾਲ ਵਿੱਚ ਹੌਸਟਲ ਨੂੰ ਹਸਪਤਾਲ ਤਾਂ ਬੜੇ ਕਹਿੰਦੇ ਹਨ।
ਇੱਕ ਅਕੈਡਮੀ ਦਾ ਘੱਟ ਪੜ੍ਹਿਆ ਪਰ ਪੜ੍ਹਿਆਂ-ਲਿਖਿਆਂ ਨੂੰ ਨੌਕਰੀ ਦੇਣ ਵਾਲਾ ਮਾਲਕ ਕਿਸੇ ਸ਼ਰਾਰਤੀ ਵਿਦਿਆਰਥੀ ਨੂੰ ਚਿਤਾਵਨੀ ਦੇਣ ਵੇਲੇ ਅਕਸਰ ਕਹਿੰਦਾ: ‘‘ਜੇ ਫਿਰ ਸ਼ਰਾਰਤ ਕੀਤੀ ਤਾਂ ਮੈ ਤੇਰੇ ਸਾਰੇ ‘ਕੁਨੈਕਸ਼ਨ’ ਕੱਟ ਦੇਊਂ (ਉਸ ਦਾ ਭਾਵ ਹੁੰਦਾ ਸੀ ਕਿ ‘ਕਨਸੈਸ਼ਨ’ (ਰਿਆਇਤ) ਵਾਪਸ ਲੈ ਲਊਂ)।
ਬਹੁਤ ਮਹਾਨ ਸ਼ਖ਼ਸੀਅਤਾਂ, ਜਿਨ੍ਹਾਂ ਵਿੱਚ ਕੁਝ ਮੁਲਕਾਂ ਦੇ ਮੁਖੀ ਵੀ ਸ਼ਾਮਲ ਹਨ, ਵੀ ਇਸ ਤਰ੍ਹਾਂ ਦੀਆਂ ਗ਼ਲਤੀਆਂ ਕਰਦੇ ਹਨ। ਵਿਕੀਪੀਡੀਆ ਅਤੇ ਨਾਮਵਰ ਭਾਸ਼ਾ ਵਿਗਿਆਨੀ ਪ੍ਰੋ. ਜਾਂ ਮਾਰਗਰੈਟ ਐਟਚੀਸਨ ਨੇ ਆਪਣੀਆਂ ਪੁਸਤਕਾਂ ਵਿੱਚ ਇਸ ਦੀਆਂ ਅਨੇਕ ਉਦਾਹਰਨਾਂ ਦਿੱਤੀਆਂ ਹਨ।
ਹਾਲ ਆਫ ਫੇਮ ਦਾ ਬੇਸਬਾਲ ਖਿਡਾਰੀ ਯੋਗੀ ਬੇਰਾ ਤਾਂ ਸ਼ਬਦ ਪ੍ਰਯੋਗ ਦੀਆਂ ਐਨੀਆਂ ਗ਼ਲਤੀਆਂ ਕਰਦਾ ਸੀ ਕਿ ਉਸ ਲਈ ‘ਯੋਗੀਇਜ਼ਮ’ ਟਰਮ ਹੀ ਘੜ ਦਿੱਤੀ ਗਈ। ਉਸ ਨਾਲ ‘ਇਲੈਕਟੋਰਲ’ (ਚੋਣ ਸਬੰਧੀ) ਸ਼ਬਦ ਲਈ ‘ਇਲੈਕਟਰੀਕਲ’ (ਬਜਿਲਈ), ‘ਲੈਬੌਰੇਟਰੀ’ (ਪ੍ਰਯੋਗਸ਼ਾਲਾ) ਦੀ ਥਾਂ ‘ਲੈਵੇਟੋਰੀ’ (ਸ਼ੌਚਾਲਿਆ/ਪਖਾਨਾ) ਆਦਿ ਅਨੇਕਾਂ ਅਢੁਕਵੇਂ ਸ਼ਬਦਾਂ ਦਾ ਪ੍ਰਯੋਗ ਜੁੜਿਆ ਹੈ।
ਹਸਤੀਆਂ ਤਾਂ ਹੋਰ ਵੀ ਕਈ ਹਨ, ਪਰ ਚਲੋ ਛੱਡੋ। ਇੱਕ ਸ਼ਿਅਰ ਨਾਲ ਗੱਲ ਮੁਕਾਉਂਦੇ ਹਾਂ:
ਹਮ ਦੁਆ ਲਿਖਤੇ ਰਹੇ, ਵੋਹ ਦਗਾ ਪੜ੍ਹਤੇ ਰਹੇ
ਏਕ ਨੁਕਤੇ ਨੇ ਹਮੇਂ ਮਹਿਰਮ ਸੇ ਮੁਜਰਮ ਬਨਾ ਦੀਆ।
ਸੰਪਰਕ: 98766-55055

Advertisement

Advertisement
Author Image

joginder kumar

View all posts

Advertisement
Advertisement
×