ਅਧੂਰਾ ਪੰਨਾ...
ਰਣਜੀਤ ਲਹਿਰਾ
ਦੋ ਕੁ ਸਾਲ ਪਹਿਲਾਂ ਦੀ ਗੱਲ ਹੈ। ਲਹਿਰਾਗਾਗਾ ਦੇ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਨੂੂੰ ਪੰਜਾਬ ਸਰਕਾਰ ਵੱਲੋਂ ਬੰਦ ਕਰਨ ਖਿ਼ਲਾਫ਼ ਅਤੇ ਕਾਲਜ ਦੇ ਮੁਲਾਜ਼ਮਾਂ ਨੂੂੰ ਬਹਾਲ ਕਰਨ ਲਈ ਸਾਂਝਾ ਸੰਘਰਸ਼ ਚੱਲ ਰਿਹਾ ਸੀ। ਇਲਾਕੇ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹੋਰ ਜਮਹੂਰੀ ਜਥੇਬੰਦੀਆਂ ਅਤੇ ਪੰਚਾਇਤ ਤੇ ਨੰਬਰਦਾਰਾ ਯੂਨੀਅਨ ਸਮੇਤ ਲੋਕਲ ਸੰਸਥਾਵਾਂ ਦੀ ਸਾਂਝੀ ਐਕਸ਼ਨ ਕਮੇਟੀ ਬਣ ਚੁੱਕੀ ਸੀ। ਕਾਲਜ ਦੇ ਮੁੱਖ ਗੇਟ ’ਤੇ ਲਗਾਤਾਰ ਧਰਨਾ ਚੱਲ ਰਿਹਾ ਸੀ ਜਿਸ ਵਿੱਚ ਰੋਜ਼ਾਨਾ ਬਦਲ-ਬਦਲ ਕੇ ਜਥੇਬੰਦੀਆਂ ਦੇ ਵਾਲੰਟੀਅਰਾਂ ਦੀਆਂ ਡਿਊਟੀਆਂ ਲੱਗਦੀਆਂ। ਕਾਲਜ ਦੇ ਬਹੁਤੇ ਸੰਘਰਸ਼ੀ ਮੁਲਾਜ਼ਮ ਰੋਜ਼ਾਨਾ ਧਰਨੇ ਵਿੱਚ ਹੁੰਦੇ ਹੀ ਸਨ। ਇੱਕ ਦੋ ਵੱਡੇ ਪ੍ਰੋਗਰਾਮ ਵੀ ਸਫਲਤਾ ਸਹਿਤ ਕੀਤੇ ਜਾ ਚੁੱਕੇ ਸਨ ਪਰ ਮੁਲਾਜ਼ਮਾਂ ਦੇ ਹੱਕ ਵਿੱਚ ਹਰਾ ਪੈੱਨ ਚਲਾਉਣ ਦੇ ਵਾਅਦੇ ਕਰਨ ਵਾਲੇ ਮੁੱਖ ਮੰਤਰੀ ਸਰਕਾਰ ਲਾਲ ਪੈੱਨ ਨਾਲ ਮੁਲਾਜ਼ਮਾਂ ਦੇ ਭਵਿੱਖ ਨਾਲ ਖਿਲਵਾੜ ਕਰ ਕੇ ਅਜੇ ਵੀ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੀ ਸੀ।
ਰੋਜ਼ਾਨਾ ਧਰਨੇ ਵਿੱਚ ਲੋਕ ਚੇਤਨਾ ਮੰਚ ਦੀ ਡਿਊਟੀ ਵਾਲੇ ਇੱਕ ਦਿਨ ਧਰਨੇ ਤੋਂ ਮੁੜਦਾ ਹੋਇਆ ਸਾਥੀ ਨਾਮਦੇਵ ਭੁਟਾਲ ਮੇਰੇ ਕੋਲ ਆ ਗਿਆ। ਕਾਲਜ ਦੇ ਸੰਘਰਸ਼ ਦੇ ਵੱਖ-ਵੱਖ ਪਹਿਲੂ ਵਿਚਾਰਦਿਆਂ ਮੈਂ ਕਿਹਾ ਕਿ ਖ਼ਬਰਾਂ ਦੇ ਰੂਪ ਵਿੱਚ ਸੰਘਰਸ਼ ਦੀ ਕਵਰੇਜ ਭਾਵੇਂ ਚੰਗੀ ਹੋ ਰਹੀ ਹੈ ਪਰ ਇਸ ਮਸਲੇ ਨੂੂੰ ਬੱਝਵੇਂ ਰੂਪ ਵਿੱਚ ਪੰਜਾਬ ਦੇ ਲੋਕਾਂ ਤੱਕ ਲੈ ਕੇ ਜਾਣ ਲਈ ਮੈਂ ਲੇਖ ਲਿਖਣ ਦੀ ਵਿਉਂਤ ਬਣਾ ਰਿਹਾਂ। ਮੇਰੀ ਗੱਲ ਨੂੂੰ ਵਿਚਕਾਰੋਂ ਹੀ ਕੱਟਦੇ ਹੋਏ ਨਾਮਦੇਵ ਨੇ ਕਿਹਾ- “ਤੂੰ ਨਾ ਲਿਖ, ਇਸ ਬਾਰੇ ਲੇਖ ਮੈਂ ਲਿਖੂੰਗਾ।” ਖੁਦ ਲੇਖ ਲਿਖਣ ਦੀ ਗੱਲ ਜਿੰਨੇ ਉਤਸ਼ਾਹ ਤੇ ਦ੍ਰਿੜਤਾ ਨਾਲ ਉਹਨੇ ਕਹੀ, ਉਹਨੂੰ ਸੁਣ ਕੇ ਮੇਰਾ ਹੈਰਾਨ ਹੋਣਾ ਸੁਭਾਵਿਕ ਹੀ ਸੀ ਕਿਉਂਕਿ ਇਸ ਤੋਂ ਪਹਿਲਾਂ ਤਾਂ ਨਾਮਦੇਵ ਪ੍ਰੈੱਸ ਬਿਆਨ ਲਿਖਣ ਲਈ ਵੀ ਅਕਸਰ ਫੋਨ ’ਤੇ ਮੈਨੂੰ ਹੀ ਹਦਾਇਤਾਂ ਕਰਦਾ ਹੁੰਦਾ ਸੀ ਪਰ ਅੱਜ ਉਹ ਮੈਨੂੰ ਰੋਕ ਕੇ ਖੁਦ ਲੇਖ ਲਿਖਣ ਦੀ ਵੱਡੀ ਗੱਲ ਕਹਿ ਰਿਹਾ ਸੀ। ਮੈਂ ਉਹਨੂੰ ਕਿਹਾ, “ਠੀਕ ਹੈ, ਤੂੰ ਹੀ ਲਿਖ।”
ਖੈਰ! ਨਵੀਂ ਜਿ਼ੰਮੇਵਾਰੀ ਆਪਣੇ ਮੋਢਿਆਂ ’ਤੇ ਲੈ ਕੇ ਨਾਮਦੇਵ ਤਾਂ ਚਲਾ ਗਿਆ ਪਰ ਮੈਂ ਉਹਦੇ ਹੌਸਲੇ ਪਿੱਛੇ ਛੁਪੇ ਰਾਜ਼ ਬਾਰੇ ਸੋਚਦਾ ਰਿਹਾ। ਫਿਰ ਸਾਲ ਕੁ ਪਹਿਲਾਂ ਮਈ 2021 ਵਿੱਚ ਨਾਮਦੇਵ ਵੱਲੋਂ ਆਪਣੀ ਸੱਸ ਮਾਤਾ ਬਾਰੇ ਲਿਖੀ ਲੰਮੀ ਤੇ ਭਾਵੁਕ ਵਾਰਤਾ ਯਾਦ ਆਈ। ਨਾਮਦੇਵ ਦੀ ਮਾਤਾ ਬਚਪਨ ਵਿੱਚ ਹੀ ਗੁਜ਼ਰ ਗਈ ਸੀ, ਮਾਂ ਦੀ ਮਮਤਾ ਤੇ ਮੋਹ ਦਾ ਜਿਹੜਾ ਨਿੱਘ ਨਾਮਦੇਵ ਨੂੰ ਉਹਦੀ ਸੱਸ ਨੇ ਦਿੱਤਾ ਸੀ ਤੇ ਜਿਵੇਂ ਨਾਮਦੇਵ ਨੇ ਉਸ ਮਾਤਾ ਨੂੰ ਤਿੰਨੋਂ ਨੌਜਵਾਨ ਪੁੱਤਰ ਮੁੱਠੀ ਵਿੱਚੋਂ ਰੇਤ ਵਾਂਗ ਕਿਰਨ ਅਤੇ ਘਰ-ਬਾਰ ਉੱਜੜ-ਪੁੱਜੜ ਜਾਣ ਦੇ ਬਾਵਜੂਦ ਵਕਤ ਦੇ ਥਪੇੜਿਆਂ ਦਾ ਸਾਹਮਣਾ ਕਰਦੇ ਦੇਖਿਆ ਸੀ, ਉਹਨੇ ਨਾਮਦੇਵ ਦੇ ਮਨ ਅੰਦਰ ਭੁਚਾਲ ਲਿਆਂਦਾ ਹੋਇਆ ਸੀ। ਇਸ ਭੁਚਾਲ ਨੂੰ ਸ਼ਬਦਾਂ ਵਿੱਚ ਢਾਲ ਕੇ ਉਹਨੇ ਮੈਨੂੰ ਬੁਲਾਇਆ ਤੇ ਕਿਹਾ, “ਇਹਨੂੰ ਦੇਖ ਕੇ ਸੈੱਟ ਕਰ। ਮਾਤਾ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਇਹਨੂੰ ਫੇਸਬੁੱਕ ’ਤੇ ਪਾਉਣਾ ਚਾਹੁੰਨਾ।” ਮੈਂ ਕਾਗਜ਼ਾਂ ਦਾ ਪੁਲੰਦਾ ਫੜਿਆ, ਟਾਈਪ ਕਰਵਾਇਆ, ਐਡਿਟ ਕੀਤਾ ਤੇ ਅਗਲੇ ਦਿਨ ਫੇਸਬੁੱਕ ’ਤੇ ਪਵਾ ਦਿੱਤਾ। ਕਾਗਜ਼ਾਂ ਦਾ ਪੁਲੰਦਾ ਫੜਨ ਲੱਗੇ ਮੈਨੂੰ ਖਾਸਾ ਮੱਥਾ ਮਾਰਨ ਦਾ ਖਦਸ਼ਾ ਸੀ ਪਰ ਮੈਂ ਹੈਰਾਨ ਰਹਿ ਗਿਆ ਕਿ ਨਾਮਦੇਵ ਨੇ ਇੰਨਾ ਚੰਗਾ ਲਿਖਿਆ ਹੈ। ਸਭ ਤੋਂ ਵੱਧ ਪ੍ਰਭਾਵਸ਼ਾਲੀ ਸੀ ਸਿਰਲੇਖ: ‘ਢਹਿ-ਢੇਰੀ ਕਿਲੇ ਨੂੰ ਮੁੜ ਉਸਾਰ ਕੇ ਤੁਰ ਗਈ ਪੂਹਲੇ ਵਾਲੀ ਬੇਬੇ’। ਉਹਦੀ ਲਿਖੀ ਇਸ ਭਾਵਨਾਤਮਕ ਵਾਰਤਾ ਨੂੰ ਇੰਨੇ ਲਾਈਕ, ਕੁਮੈਂਟ ਤੇ ਸ਼ੇਅਰ ਮਿਲੇ ਕਿ ਇਹ ਯਾਦਗਾਰੀ ਲਿਖਤ ਬਣ ਗਈ। ਇਹੋ ਲਿਖਤ ਹੁਣ ਨਾਮਦੇਵ ਨੂੰ ਕਲਮ ਚੁੱਕਣ ਲਈ ਪ੍ਰੇਰ ਰਹੀ ਸੀ।
ਇਸ ਤੋਂ ਪਹਿਲਾਂ ਕਿ ਮੈਂ ਉਹਨੂੰ ਪੁੱਛਦਾ ਕਿ ‘ਲੇਖ ਦਾ ਕੀ ਬਣਿਆ’, ਜਾਂ ਉਹ ਖੁਦ ਫੋਨ ਕਰ ਕੇ ਮੈਨੂੰ ਕਹਿੰਦਾ ਕਿ ‘ਆਹ ਲੈ ਜਾ ਯਾਰ, ਦੇਖ ਲੈ ਕੀ ਕਰਨਾ ਇਹਦਾ’, ਹੋਰ ਹੀ ਭਾਣਾ ਵਰਤ ਗਿਆ। ਉਹਨੂੰ ਅਚਾਨਕ ਦਿਲ ਦਾ ਜ਼ੋਰਦਾਰ ਦੌਰਾ ਪੈ ਗਿਆ। ਜੇ ਸਾਡਾ ਨੌਜਵਾਨ ਸਾਥੀ ਸ਼ਮਿੰਦਰ ਗੱਡੀ ਭਜਾ ਕੇ, ਸਿੱਧਾ ਰਾਹ ਬੰਦ ਹੋਣ ਦੇ ਬਾਵਜੂਦ ਵਾਇਆ ਮਹਿਲਾਂ ਚੌਕ ਹੋ ਕੇ 35 ਮਿੰਟਾਂ ਵਿੱਚ ਗੱਡੀ ਸੰਗਰੂਰ ਹਸਪਤਾਲ ਮੂਹਰੇ ਨਾ ਲਿਜਾ ਖੜ੍ਹਾਉਂਦਾ ਤਾਂ ਨਾਮਦੇਵ ਉਸ ਦਿਨ ਨਹੀਂ ਸੀ ਬਚ ਸਕਣਾ। ਉਹ ਹੌਲੀ-ਹੌਲੀ ਦਿਲ ਦੇ ਦੌਰੇ ਦਾ ਝਟਕੇ ਨੂੰ ਕਵਰ ਕਰ ਗਿਆ ਤੇ ਮੁੜ ਸਰਗਰਮੀਆਂ ਵਿੱਚ ਆਉਣ ਜਾਣ ਲੱਗਾ ਪਰ ਲੇਖ ਵਾਲੀ ਗੱਲ ਕਦੇ ਸਾਂਝੀ ਨਾ ਹੋ ਸਕੀ। ਅਜੇ ਦੋ ਕੁ ਮਹੀਨੇ ਲੰਘੇ ਸਨ ਕਿ 6 ਦਸੰਬਰ 2023 ਨੂੰ ਉਹਨੂੰ ਦਿਲ ਦਾ ਮੁੜ ਭਿਆਨਕ ਦੌਰਾ ਪਿਆ ਤੇ ਉਹ ਸਦਾ ਲਈ ਸਾਡੇ ਕੋਲੋਂ ਵਿੱਛੜ ਗਿਆ।
ਨਾਮਦੇਵ ਅੱਧੀ ਸਦੀ ਤੋਂ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਸੂਬਾ ਪੱਧਰੀ ਅਹੁਦਿਆਂ ’ਤੇ ਕੰਮ ਕਰ ਚੁੱਕਿਆ ਸੀ। ਉਹ ਇਲਾਕੇ ਦੀਆਂ ਹੀ ਨਹੀਂ, ਪੰਜਾਬ ਪੱਧਰ ਦੀਆਂ ਜਨਤਕ/ਤਬਕਾਤੀ/ਜਮਹੂਰੀ ਜਥੇਬੰਦੀਆਂ ਦਾ ਭਰੋਸੇਯੋਗ ਸਲਾਹੀਆ ਸੀ। ਉਹਦੇ ਸਿਆਸੀ ਵਿਰੋਧੀ ਵੀ ਉਹਦੀ ਬਚਨਬੱਧਤਾ ਤੇ ਨਿਰਪੱਖਤਾ ’ਤੇ ਯਕੀਨ ਕਰਦੇ ਸਨ। ਉਹ ਅਜਿਹਾ ਬੰਦਾ ਨਹੀਂ ਸੀ ਕਿ ਗੱਲ ਕਹਿ ਕੇ ਤੁਰ ਜਾਵੇ ਤੇ ਸਮਾਂ ਆਉਣ ’ਤੇ ਪੱਲਾ ਝਾੜ ਜਾਵੇ। ਉਹਦੇ ਤੁਰ ਜਾਣ ਦੇ ਬਾਵਜੂਦ ਮੈਨੂੰ ਯਕੀਨ ਸੀ ਕਿ ਉਹਨੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਮਸਲੇ ਬਾਰੇ ਕੁਝ ਨਾ ਕੁਝ ਲਿਖਿਆ ਜ਼ਰੂਰ ਹੋਵੇਗਾ। ਉਹਦੇ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਜਦੋਂ ਮਾਹੌਲ ਕੁਝ ਆਮ ਜਿਹਾ ਹੋਇਆ ਤਾਂ ਇੱਕ ਦਿਨ ਮੈਂ ਉਨ੍ਹਾਂ ਦੀ ਜੀਵਨ ਸਾਥੀ ਜਸਵੰਤ ਕੌਰ ਨਾਲ ਲੇਖ ਵਾਲੀ ਗੱਲ ਸਾਂਝੀ ਕੀਤੀ। ਜਸਵੰਤ ਕਹਿੰਦੀ, “ਲਿਖਣ ਤਾਂ ਲੱਗਿਆ ਸੀ, ਲਿਖਿਆ ਵੀ ਸੀ ਕੁਝ ਪਰ ਕੀ ਤੇ ਕਿੰਨਾ ਕੁ ਲਿਖਿਆ, ਇਹ ਪਤਾ ਨਹੀਂ। ਉਹਦੇ ਜਾਣ ਤੋਂ ਬਾਅਦ ਸਾਰਾ ਕੁਝ ਉਲਟ-ਪੁਲਟ ਹੋਇਆ ਪਿਆ। ਅਜੇ ਤਾਂ ਕੁਝ ਪਤਾ ਨਹੀਂ ਲੱਗਦਾ ਕਿੱਥੇ ਕੀ ਐ।”
ਤੇ ਫਿਰ ਇੱਕ ਦਿਨ ਅਸੀਂ ਨਾਮਦੇਵ ਦੀਆਂ ਕਿਤਾਬਾਂ, ਕਾਪੀਆਂ ਤੇ ਕਾਗਜ਼ ਪੱਤਰ ਫਰੋਲੇ ਪਰ ਸਾਨੂੰ ਉਹ ਪੰਨਾ ਕਿਤੋਂ ਨਾ ਲੱਭਿਆ ਜਿਹੜਾ ਉਹ ਅਧੂਰਾ ਛੱਡ ਗਿਆ ਸੀ। ਪੰਨਾ ਕੀ, ਉਹ ਤਾਂ ਜ਼ਿੰਦਗੀ ਦਾ ਸਫ਼ਰ ਹੀ ਅਧੂਰਾ ਛੱਡ ਗਿਆ ਸੀ, ਚੁੱਪ-ਚੁਪੀਤੇ, ਬਿਨਾਂ ਕੁਝ ਕਹੇ ਸੁਣੇ। ਖ਼ੈਰ! ਉਹਦੀਆਂ ਯਾਦਾਂ ਅੰਗ ਸੰਗ ਨੇ ਅਤੇ ਹਮੇਸ਼ਾ ਰਹਿਣਗੀਆਂ। ਉਹ ਅਧੂਰਾ ਪੰਨਾ ਵੀ ਜਦੋਂ ਕਦੇ ਲੱਭ ਜਾਵੇਗਾ, ਕੀਮਤੀ ਨਿਸ਼ਾਨੀ ਬਣੇਗਾ ਅਤੇ ਉਹ ਅਧੂਰਾ ਪੰਨਾ ਅਧੂਰੇ ਕਾਰਜਾਂ ਪੂਰੇ ਕਰਨ ਲਈ ਪ੍ਰੇਰਦਾ ਰਹੇਗਾ।
ਸੰਪਰਕ: 94175-88616