ਟਰਾਈਡੈਂਟ ਗਰੁੱਪ ’ਤੇ ਆਮਦਨ ਕਰ ਦੇ ਛਾਪੇ
ਚੰਡੀਗੜ੍ਹ/ਭੁਪਾਲ, 17 ਅਕਤੂਬਰ
ਆਮਦਨ ਕਰ ਵਿਭਾਗ ਵੱਲੋਂ ਟੈਕਸ ਚੋਰੀ ਦੀ ਜਾਂਚ ਨਾਲ ਜੁੜੇ ਕੇਸ ਵਿੱਚ ਅੱਜ ਟਰਾਈਡੈਂਟ ਗਰੁੱਪ ਦੇ ਪੰਜਾਬ ਤੇ ਮੱਧ ਪ੍ਰਦੇਸ਼ ਵਿਚਲੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਟਰਾਈਡੈਂਟ ਗਰੁੱਪ ਟੈਕਸਟਾਈਲ, ਪੇਪਰ ਉਤਪਾਦ, ਕੈਮੀਕਲਜ਼ ਤੇ ਊਰਜਾ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਗਰੁੱਪ ਦਾ ਰਜਿਸਟਰਡ ਦਫ਼ਤਰ ਪੰਜਾਬ ਵਿੱਚ ਹੈ ਤੇ ਚੰਡੀਗੜ੍ਹ ਸਥਿਤ ਆਈਟੀ ਵਿਭਾਗ ਦੇ ਤਫ਼ਤੀਸ਼ੀ ਵਿੰਗ ਵੱਲੋਂ ਇਹ ਛਾਪੇ ਮਾਰੇ ਗਏ ਹਨ। ਪੰਜਾਬ ਦੇ ਬਰਨਾਲਾ ਤੇ ਲੁਧਿਆਣਾ ਅਤੇ ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਦੇ ਬੁੱਧਨੀ ਵਿੱਚ ਲਗਪਗ 20-25 ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਦਸਤਕ ਦਿੱਤੀ। ਛਾਪਿਆਂ ਦੌਰਾਨ ਟੀਮਾਂ ਨੇ ਕੰਪਿਊਟਰ ਰਿਕਾਰਡ ਤੇ ਹੋਰ ਦਸਤਾਵੇਜ਼ ਕਬਜ਼ੇ ਵਿਚ ਲੈ ਲਏ। ਛਾਪਿਆਂ ਦਾ ਪਤਾ ਲੱਗਦੇ ਹੀ ਕਈ ਅਧਿਕਾਰੀ ਰੂਪੋਸ਼ ਹੋ ਗਏ। -ਪੀਟੀਆਈ
ਬਰਨਾਲਾ/ਹੰਡਿਆਇਆ(ਰਵਿੰਦਰ ਰਵੀ/ਹੰਡਿਆਇਆ): ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਅੱਜ ਤੜਕੇ ਟਰਾਈਡੈਂਟ ਦੇ ਬਰਨਾਲਾ ਕੰਪਲੈਕਸ ਤੇ ਧੌਲਾ ਕੰਪਲੈਕਸ ਵਿੱਚ ਦਸਤਕ ਦਿੱਤੀ। ਬਰਨਾਲਾ ਦੀ ਲੱਖੀ ਕਲੋਨੀ ’ਚ ਰਹਿੰਦੇ ਟਰਾਈਡੈਂਟ ਦੇ ਉੱਚ ਅਧਿਕਾਰੀ ਰੁਪਿੰਦਰ ਗੁਪਤਾ ਦੇ ਘਰ ਵਿੱਚ ਵੀ ਆਮਦਨ ਕਰ ਵਿਭਾਗ ਦੀਆਂ ਟੀਮਾਂ ਪੁੱਜੀਆਂ। ਛਾਪੇ ਮੌਕੇ ਰੁਪਿੰਦਰ ਗੁਪਤਾ ਘਰ ਵਿੱਚ ਮੌਜੂਦ ਨਹੀਂ ਸਨ। ਉਹ ਇਲਾਜ ਲਈ ਪਤਨੀ ਨਾਲ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਗਏ ਹੋਏ ਸਨ। ਘਰ ਵਿੱਚ ਉਨ੍ਹਾਂ ਦਾ ਛੋਟਾ ਪੁੱਤਰ ਹੀ ਮੌਜੂਦ ਸੀ। ਖ਼ਬਰ ਲਿਖੇ ਜਾਣ ਤੱਕ ਛਾਪਾਮਾਰ ਟੀਮ ਗੁਪਤਾ ਦੇ ਘਰ ਵਿਚ ਹੀ ਮੌਜੂਦ ਸੀ। ਆਮਦਨ ਕਰ ਵਿਭਾਗ ਦੀ ਟੀਮ ਵੱਲੋਂ ਟਰਾਈਡੈਂਟ ਦੇ ਬਰਨਾਲਾ ਅਤੇ ਧੌਲਾ ਯੂਨਿਟਾਂ ਦੇ ਹਰ ਵੱਡੇ ਛੋਟੇ ਦਫ਼ਤਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਛਾਪਿਆਂ ਦੌਰਾਨ ਟਰਾਈਡੈਂਟ ਦੇ ਬਰਨਾਲਾ ਅਤੇ ਧੌਲਾ ਫੈਕਟਰੀਆਂ ’ਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਦੇ ਮੋਬਾਈਲ ਫੋਨ ਜਮ੍ਹਾਂ ਕਰ ਲਏ ਗਏ। ਵਿਭਾਗ ਨੇ ਕਿਸੇ ਨੂੰ ਵੀ ਅੰਦਰ-ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਇਲਾਵਾ ਕੰਪਨੀ ਦੇ ਕੋਵਿਡ ਕੇਅਰ ਸੈਂਟਰ ਅਤੇ ਸ਼ਾਪਿੰਗ ਮਾਲ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਗਿਆ। ਉਂਜ ਆਮਦਨ ਕਰ ਵਿਭਾਗ ਦੇ ਛਾਪੇ ਦੀ ਖ਼ਬਰ ਲੱਗਦਿਆਂ ਹੀ ਕੰਪਨੀ ਦੇ ਕਈ ਅਧਿਕਾਰੀ ਰੂਪੋਸ਼ ਹੋ ਗਏ। ਆਮਦਨ ਕਰ ਵਿਭਾਗ ਦੀ ਟੀਮ ਨੇ ਨੀਮ ਫੌਜੀ ਬਲਾਂ ਦੇ ਚਾਰ ਜਵਾਨਾਂ ਨਾਲ ਅੱਜ ਸਵੇਰੇ 4 ਵਜੇ ਦੇ ਕਰੀਬ ਟਰਾਈਡੈਂਟ ਕੰਪਲੈਕਸ ਬਰਨਾਲਾ ਤੇ ਐਡਮਨਿ ਹੈੱਡ ਦੇ ਘਰ ਤੋਂ ਜਾਂਚ ਸ਼ੁਰੂ ਕੀਤੀ। ਅਧਿਕਾਰੀਆਂ ਦੀ ਛਾਪੇਮਾਰੀ ਚਾਰ ਘੰਟੇ ਤੱਕ ਜਾਰੀ ਰਹੀ। ਕਰੀਬ 16 ਇਨਕਮ ਟੈਕਸ ਅਧਿਕਾਰੀ ਕੰਪਨੀ ਦੇ ਕਾਰੋਬਾਰੀ ਦਸਤਾਵੇਜ਼ਾਂ ਦੀ ਜਾਂਚ ਵਿੱਚ ਰੁੱਝੇ ਰਹੇ। ਇਸ ਦੌਰਾਨ ਕੰਪਿਊਟਰ ’ਚ ਫੀਡ ਡੇਟਾ ਦੀ ਵੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਕਈ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।
ਲੁਧਿਆਣਾ (ਗਗਨਦੀਪ ਅਰੋੜਾ): ਆਮਦਨ ਕਰ ਵਿਭਾਗ ਦੀ ਟੀਮਾਂ ਨੇ ਟਰਾਈਡੈਂਟ ਗਰੁੱਪ, ਕਰੀਮਿਕਾ ਤੇ ਲੁਧਿਆਣਾ ਸਟਾਕ ਐਕਸਚੇਂਜ ਸਣੇ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਟੀਮਾਂ ਇਨ੍ਹਾਂ ਥਾਵਾਂ ’ਤੇ ਦਫ਼ਤਰ ਖੁੱਲ੍ਹਣ ਤੋਂ ਪਹਿਲਾਂ ਹੀ ਪੁੱਜ ਗਈਆਂ। ਟਰਾਈਡੈਂਟ ਗਰੁੱਪ ਤੇ ਕਰੀਮਿਕਾ ਗਰੁੱਪ ਦੀ ਫੈਕਟਰੀ, ਘਰ ਤੇ ਹੋਰਨਾਂ ਥਾਵਾਂ ’ਤੇ ਆਉਣ ਵਾਲੇ ਲੋਕਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਹੀ ਕੇਂਦਰੀ ਸੁਰੱਖਿਆ ਬਲਾਂ ਦੀਆਂ ਟੀਮਾਂ ਨੇ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ। ਟੀਮਾਂ ਨੇ ਕੰਪਿਊਟਰ ਤੇ ਹੋਰ ਦਸਤਾਵੇਜ਼ ਕਬਜ਼ੇ ਵਿਚ ਲੈ ਲਏ। ਆਮਦਨ ਕਰ ਵਿਭਾਗ ਦੀ ਟੀਮ ਨੇ ਟਰਾਈਡੈਂਟ ਦੇ ਲੁਧਿਆਣਾ ਦੇ ਕਿਚਲੂ ਨਗਰ, ਸਟਾਕ ਐਕਸਚੇਂਜ ਸਣੇ 40 ਥਾਵਾਂ ’ਤੇ ਛਾਪੇਮਾਰੀ ਕੀਤੀ। ਟੀਮ ਨੇ ਗਰੁੱਪ ਦੇ ਰਾਜਿੰਦਰ ਗੁਪਤਾ ਉਨ੍ਹਾਂ ਦੇ ਭਰਾ ਵਰਿੰਦਰ ਗੁਪਤਾ ਤੇ ਉਨ੍ਹਾਂ ਦੀ ਧੀ ਨੇਹਾ ਬੈਕਟਰ ਦੇ ਘਰ ਛਾਪੇਮਾਰੀ ਕੀਤੀ। ਰਾਜਿੰਦਰ ਗੁਪਤਾ ਸੂਬੇ ਦੇ ਸਭ ਤੋਂ ਵੱਧ ਆਮਦਨ ਕਰ ਦੇਣ ਵਾਲੇ ਸਨਅਤਕਾਰਾਂ ਦੀ ਸੂਚੀ ਵਿੱਚ ਵੀ ਸ਼ਾਮਲ ਹਨ।