ਵੰਡ ਤੋਂ ਪਹਿਲਾਂ ਬਣੀ ਬਾਬੇ ਨਾਨਕ ਦੀ ਤਸਵੀਰ ਪ੍ਰਦਰਸ਼ਨੀ ’ਚ ਸ਼ਾਮਲ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਅਗਸਤ
ਗੁਰੂ ਨਾਨਕ ਦੇਵ ਦੀ ਕਰੀਬ 80 ਵਰ੍ਹੇ ਪਹਿਲਾਂ ਬਣਾਈ ਗਈ ਤਸਵੀਰ, ਜੋ ਦੇਸ਼ ਵੰਡ ਵੇਲੇ ਗੁਆਚ ਗਈ ਸੀ, ਮੁੜ ਮਿਲਣ ਮਗਰੋਂ ਇਸ ਨੂੰ ‘ਪਾਰਟੀਸ਼ਨ ਮਿਊਜ਼ੀਅਮ’ ਦੀ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।
ਇਹ ਤਸਵੀਰ ਸਰਦਾਰੀ ਲਾਲ ਪ੍ਰਾਸ਼ਰ ਵੱਲੋਂ 1939-40 ਵਿਚ ਬਣਾਈ ਗਈ ਸੀ। ਤੇਲ ਵਾਲੇ ਰੰਗਾਂ ਨਾਲ ਬਣਾਈ ਇਹ ਤਸਵੀਰ 38×47 ਇੰਚ ਦੀ ਹੈ। ਇਹ ਪੁਰਾਤਨ ਤਸਵੀਰ ਸ੍ਰੀ ਪ੍ਰਾਸ਼ਰ ਦੀ ਬੇਟੀ ਡਾ. ਪ੍ਰਜਨਾ ਪ੍ਰਾਸ਼ਰ ਵੱਲੋਂ ਇਥੇ ‘ਪਾਰਟੀਸ਼ਨ ਮਿਊਜ਼ੀਅਮ’ ਵਿਚ ਪ੍ਰਦਰਸ਼ਨੀ ਲਈ ਭੇਜੀ ਗਈ ਹੈ। ਉਨ੍ਹਾਂ ਨੇ ਇਹ ਤਸਵੀਰ 1939-40 ਵਿੱਚ ਬਣਾਈ ਸੀ ਪਰ ਦੇਸ਼ ਵੰਡ ਵੇਲੇ ਇਹ ਉਧਰ ਪਾਕਿਸਤਾਨ ਵਿਚ ਹੀ ਰਹਿ ਗਈ ਸੀ। ਪ੍ਰਾਸ਼ਰ ਪਰਿਵਾਰ ਵੰਡ ਤੋਂ ਬਾਅਦ ਭਾਰਤ ਆ ਗਿਆ ਅਤੇ ਰਫਿਊਜੀ ਕੈਂਪ ਵਿੱਚ ਠਹਿਰਿਆ। ਭਾਰਤ ਵਿਚ ਉਹ ਸ਼ਿਮਲਾ, ਮਦਰਾਸ ਅਤੇ ਮੁੰਬਈ ਵਿਚ ਵੱਖ ਵੱਖ ਥਾਵਾਂ ’ਤੇ ਠਹਿਰੇ ਅਤੇ ਬਾਅਦ ਵਿਚ ਉਨ੍ਹਾਂ ਨੇ ਦਿੱਲੀ ਵਿੱਚ ਪੱਕਾ ਘਰ ਬਣਾ ਲਿਆ। ਪਾਕਿਸਤਾਨੀ ਮਿੱਤਰ ਅਬਦੁਰ ਰਹਿਮਾਨ ਚੁਗਤਾਈ ਰਾਹੀਂ ਇਸ ਤਸਵੀਰ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਨੇ ਇਹ ਭਾਰਤ ਮੰਗਵਾ ਲਈ। ਪਾਰਟੀਸ਼ਨ ਮਿਊਜ਼ੀਅਮ ਦੀ ਮੈਨੇਜਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਕਰੋਨਾ ਕਾਰਨ ਮਿਊਜ਼ੀਅਮ ਬੰਦ ਹੈ ਪਰ ਆਨਲਾਈਨ ਪ੍ਰਦਰਸ਼ਨੀ ਲਾਈ ਗਈ ਹੈ, ਜਿਸ ਵਾਸਤੇ ਇਹ ਪੁਰਾਤਨ ਤਸਵੀਰ ਪ੍ਰਾਸ਼ਰ ਪਰਿਵਾਰ ਵੱਲੋਂ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵੰਡ ਨਾਲ ਜੁੜੀ ਇਹ ਤਸਵੀਰ ਬਹੁਤ ਅਹਿਮ ਹੈ।