ਕਈ ਥਾਂ ਅੱਗ ਲੱਗਣ ਦੀਆਂ ਘਟਨਾਵਾਂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਨਵੰਬਰ
ਸਨਅਤੀ ਸ਼ਹਿਰ ਵਿੱਚ ਵੱਡੀ ਗਿਣਤੀ ਲੋਕਾਂ ਨੇ ਦੀਪਮਾਲਾ ਕਰਕੇ ਤੇ ਪਟਾਕੇ ਚਲਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ। ਸ਼ਹਿਰ ਵਿੱਚ ਹਰ ਥਾਈਂ ਵੱਡੇ ਗੂੰਜਦਾਰ ਪਟਾਕਿਆਂ ਦਾ ਸ਼ੋਰ ਸੁਣਨ ਨੂੰ ਮਿਲਿਆ। ਦੀਵਾਲੀ ਮੌਕੇ ਸ਼ਿਹਰ ਵਿੱਚ ਜਿਥੇ ਚਹਿਲ-ਪਹਿਲ ਰਹੀ, ਰੌਣਕ ਰਹੀ, ਜਸ਼ਨ ਮਨਾਏ ਗਏ, ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਤੇ ਪਟਾਕੇ ਚਲਾ ਕੇ ਲੋਕਾਂ ਨੇ ਆਪਣਾ ਮਨ ਪ੍ਰਚਾਵਾ ਕੀਤਾ ਉਥੇ ਹੀ ਇਸ ਤਿਉਹਾਰ ਮੌਕੇ ਮਈ ਥਾਈਂ ਅਣਹੋਣੀਆਂ ਘਟਨਾਵਾਂ ਵਾਪਰਨ ਦੀ ਵੀ ਖ਼ਬਰ ਹੈ।
ਸ਼ਹਿਰ ਵਿੱਚ ਕਈ ਥਾਵਾਂ ’ਤੇ ਅੱਗ ਲੱਗਣ ਦੀਆਂ ਖ਼ਬਰਾਂ ਹਨ, ਜਿਸ ਕਰਕੇ ਵੱਡੀ ਗਿਣਤੀ ਲੋਕ ਜ਼ਖ਼ਮੀ ਵੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਲਗਪਗ 100 ਤੋਂ ਵੱਧ ਲੋਕ ਫੱਟੜ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਲੋਕ ਸਿਰਫ਼ ਅੱਗ ਲੱਗਣ ਜਾਂ ਪਟਾਕਾ ਗ਼ਲਤ ਚਲਾਉਣ ਕਰਕੇ ਹੀ ਨਹੀਂ, ਸਗੋਂ ਆਪਸੀ ਝਗੜਿਆਂ ਦੌਰਾਨ ਹੋਈ ਕੁੱਟਮਾਰ ਕਰਕੇ ਵੀ ਫੱਟੜ ਹੋਏ ਹਨ। ਕਈ ਥਾਈਂ ਝਗੜਿਆਂ ਦੇ ਮਾਮਲੇ ਇੰਨੇ ਵੱਧ ਗਏ ਇਹ ਪੁਲੀਸ ਚੌਕੀ ਤੱਕ ਵੀ ਪੁੱਜ ਗਏ ਤੇ ਇਨ੍ਹਾਂ ਝਗੜਿਆਂ ਦੌਰਾਨ ਜ਼ਖ਼ਮੀ ਹੋਣ ਵਾਲੇ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ। ਇਸ ਤੋਂ ਬਿਨਾਂ ਵੱਡੀ ਗਿਣਤੀ ਥਾਵਾਂ ’ਤੇ ਅੱਗ ਲੱਗਣ ਦੀ ਵੀ ਖ਼ਬਰ ਹੈ ਜਿਸ ਕਰਕੇ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਪਟਾਕੇ ਆਦਿ ਚਲਾਉਣ ਮੌਕੇ ਕਈ ਲੋਕਾਂ ਦੇ ਝੁਲਸਣ ਦੀ ਖਬਰ ਹੈ।
ਬੀਤੀ ਰਾਤ ਦੀ ਜੇਕਰ ਗੱਲ ਕਰੀਏ ਤਾਂ ਬੀਤੇ 24 ਘੰਟਿਆਂ ਵਿੱਚ 100 ਦੇ ਕਰੀਬ ਲੋਕਾਂ ਨੂੰ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਕੁਝ ਲੋਕ ਸ਼ਰਾਬ ਪੀ ਕੇ ਲੜ ਪਏ, ਜਦਕਿ ਕੁਝ ਲੋਕ ਪਟਾਕੇ ਚਲਾਉਣ ਕਾਰਨ ਲੜ ਪਏ। ਅੱਗ ਲੱਗਣ ਕਾਰਨ 5 ਲੋਕ ਝੁਲਸ ਗਏ। ਲੋਹਾਰਾ ਰੋਡ ’ਤੇ ਬੀਤੀ ਰਾਤ 12 ਵਜੇ ਸਿਲੰਡਰ ਫਟਿਆ, ਜਿਸ ’ਚ ਦੋ ਵਿਅਕਤੀ ਝੁਲਸ ਗਏ। ਜ਼ਿਲ੍ਹੇ ਵਿੱਚ ਝਗੜੇ ਦੀਆਂ 55 ਘਟਨਾਵਾਂ ਸਾਹਮਣੇ ਆਈਆਂ ਹਨ।
ਜਾਣਕਾਰੀ ਮੁਤਾਬਕ ਸਿਲੰਡਰ ਬਲਾਸਟ ਮਾਮਲੇ ’ਚ ਰਜਤ ਕੁਮਾਰ ਗੁਪਤਾ ਅਤੇ 12 ਸਾਲਾ ਆਯੂਸ਼ ਕੁਮਾਰ ਜ਼ਖਮੀ ਹੋਏ ਹਨ। ਦੋਵਾਂ ਜ਼ਖ਼ਮੀਆਂ ਨੂੰ ਰਾਤ 12 ਵਜੇ ਸੀਐੱਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪਤਾ ਲੱਗਾ ਹੈ ਕਿ ਪਟਾਕੇ ਚਲਾਉਂਦੇ ਸਮੇਂ ਅੱਗ ਸਿਲੰਡਰ ਤੱਕ ਪਹੁੰਚ ਗਈ, ਜਿਸ ਕਾਰਨ ਧਮਾਕਾ ਹੋ ਗਿਆ। ਇਹ ਘਟਨਾ ਗਲੀ ਨੰਬਰ 2, ਮਹਾਦੇਵ ਨਗਰ, ਨੇੜੇ ਅਮਰ ਕਿਰਨਾ ਸਟੋਰ ਵਿਖੇ ਵਾਪਰੀ। ਜ਼ਖਮੀਆਂ ਦੇ ਹੱਥਾਂ, ਪੇਟ ਅਤੇ ਅੰਤੜੀਆਂ ’ਤੇ ਸੱਟਾਂ ਲੱਗੀਆਂ ਹਨ। ਇਸੇ ਤਰ੍ਹਾਂ ਪਿੰਡ ਧੌਲਾ ਕੱਕਾ ਵਿੱਚ ਬੀਤੀ ਰਾਤ ਦੋ ਨੌਜਵਾਨਾਂ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਨੌਜਵਾਨਾਂ ਦੀ ਕਾਰ ਦੀ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਭੰਨ-ਤੋੜ ਕੀਤੀ ਗਈ। ਜ਼ਖਮੀ ਨੌਜਵਾਨ ਸੁਖਰਾਜ ਅਤੇ ਅਰਸ਼ ਨੂੰ ਦੇਰ ਰਾਤ ਸਿਵਲ ਹਸਪਤਾਲ ਲਿਆਂਦਾ ਗਿਆ। ਅਰਸ਼ ਦੀਆਂ ਉਂਗਲਾਂ ਕੱਟੀਆਂ ਗਈਆਂ। ਦੋਵਾਂ ਨੌਜਵਾਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ। ਅਰਸ਼ ਨੇ ਦੱਸਿਆ ਕਿ ਉਹ ਅਤੇ ਸੁਖਰਾਜ ਕਿਸੇ ਕੰਮ ਲਈ ਕਾਰ ਵਿੱਚ ਪਿੰਡ ਤੋਂ ਬਾਹਰ ਜਾ ਰਹੇ ਸਨ। ਪਿੰਡ ਕੱਕਾ ਧੌਲਾ ਵਿੱਚ ਹੀ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਨ੍ਹਾਂ ਨੇ ਉਸ ਦੀ ਕਾਰ ਦੀ ਭੰਨ-ਤੋੜ ਵੀ ਕੀਤੀ। ਉਹ ਇਸ ਸਬੰਧੀ ਸਬੰਧਤ ਥਾਣੇ ਨੂੰ ਸੂਚਿਤ ਕਰਨਗੇ।
ਦੀਵਾਲੀ ਦੀ ਬੀਤੀ ਰਾਤ 3 ਘਰ ਸੜ ਕੇ ਸੁਆਹ ਹੋ ਗਏ। ਪਟਾਕਿਆਂ ਦੀ ਚੰਗਿਆੜੀ ਕਾਰਨ ਪਹਿਲਾਂ ਇੱਕ ਝੌਂਪੜੀ ਨੂੰ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿੱਚ ਅੱਗ ਨੇ ਬਾਕੀ ਝੁੱਗੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਤਿੰਨ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਝੁੱਗੀਆਂ ਦੇ ਅੰਦਰ ਸੁੱਤੇ ਹੋਏ ਲੋਕਾਂ ਨੇ ਕਿਸੇ ਤਰ੍ਹਾਂ ਬਾਹਰ ਆ ਕੇ ਆਪਣੀ ਜਾਨ ਬਚਾਈ। ਪਰ ਉਨ੍ਹਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧ ਵਧਾਏ
ਦੀਵਾਲੀ ਨੂੰ ਵੇਖਦੇ ਹੋਏ ਸਿਵਲ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧ ਹੋਰ ਕਰੜੇ ਕੀਤੇ ਗਏ। ਪਿਛਲੇ ਇੱਕ ਹਫ਼ਤੇ ਵਿੱਚ ਸਿਵਲ ਹਸਪਤਾਲ ਵਿੱਚ ਝੜਪਾਂ ਦੇ 3 ਤੋਂ 4 ਮਾਮਲੇ ਸਾਹਮਣੇ ਆਏ ਹਨ। ਅਜੇ ਤਿੰਨ ਦਿਨ ਪਹਿਲਾਂ ਹੀ ਪੁਲੀਸ ਚੌਕੀ ਦੇ ਬਾਹਰ ਇੱਟਾਂ-ਪੱਥਰ ਸੁੱਟੇ ਗਏ ਸਨ। ਹਸਪਤਾਲ ਦੇ ਸੁਰੱਖਿਆ ਪ੍ਰਬੰਧ ਟੁੱਟਣ ਤੋਂ ਬਾਅਦ ਹੁਣ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਹਰਕਤ ਵਿੱਚ ਆ ਗਈ ਹੈ। ਪੁਲੀਸ ਨੇ ਸਿਵਲ ਹਸਪਤਾਲ ਵਿੱਚ 15 ਦੇ ਕਰੀਬ ਸਿਪਾਹੀ ਤਾਇਨਾਤ ਕਰ ਦਿੱਤੇ ਹਨ। ਇਹ ਪੁਲਿਸ ਮੁਲਾਜ਼ਮ ਹਸਪਤਾਲ ’ਚ ਹੰਗਾਮਾ ਕਰਨ ਵਾਲੇ ਲੋਕਾਂ ’ਤੇ ਕਾਰਵਾਈ ਕਰਨਗੇ।