ਚੋਣਾਂ ਤੋਂ ਪਹਿਲਾਂ ਨਕਦੀ ਜ਼ਬਤ ਕਰਨ ਦੀਆਂ ਘਟਨਾਵਾਂ ਵਧੀਆਂ: ਸੀਬੀਡੀਟੀ
ਨਵੀਂ ਦਿੱਲੀ: ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮਦਨ ਕਰ ਵਿਭਾਗ ਨੇ ਅਜਿਹੀ ਵਧੇਰੇ ਨਕਦੀ ਜ਼ਬਤ ਕੀਤੀ ਹੈ ਜਿਸ ਦੇ ਵੇਰਵੇ ਨਹੀਂ ਮਿਲੇ ਹਨ। ਸੀਬੀਡੀਟੀ ਚੇਅਰਮੈਨ ਨਿਤਿਨ ਗੁਪਤਾ ਨੇ ਕਿਹਾ ਕਿ ਨਕਦੀ ਦੀ ਮਾਤਰਾ ਪਿਛਲੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਨਾਲੋਂ ਕਿਤੇ ਵੱਧ ਹੈ। ਸੂਤਰਾਂ ਮੁਤਾਬਕ ਰਾਜਸਥਾਨ ’ਚ ਅਕਤੂਬਰ ਤੱਕ 1021 ਕਰੋੜ ਰੁਪਏ ਜ਼ਬਤ ਕੀਤੇ ਗਏ ਸਨ। ਗੁਪਤਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਈਟੀ ਵਿਭਾਗ ਸਮੇਤ ਹੋਰ ਜਾਂਚ ਏਜੰਸੀਆਂ ਨੇ ਚੋਣ ਕਮਿਸ਼ਨ ਨਾਲ ਤਾਲਮੇਲ ਬਣਾ ਕੇ ਨਿਗਰਾਨੀ ਵਧਾ ਦਿੱਤੀ ਸੀ। ਜਾਂਚ ਏਜੰਸੀਆਂ ਵੱਲੋਂ ਟੌਲ ਫਰੀ ਨੰਬਰ ਜਾਰੀ ਕੀਤੇ ਜਾਣ ਮਗਰੋਂ ਉਨ੍ਹਾਂ ਨੂੰ ਅਣਐਲਾਨੀ ਨਕਦੀ ਅਤੇ ਜਿਊਲਰੀ ਬਾਰੇ ਜਾਣਕਾਰੀ ਮਿਲੀ ਜਿਸ ਨੂੰ ਜ਼ਬਤ ਕੀਤਾ ਗਿਆ। ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਸ ਐਂਡ ਕਸਟਮਜ਼ ਨੇ ਜੁਲਾਈ ’ਚ ਫ੍ਰੀਬੀਜ਼, ਗ਼ੈਰਕਾਨੂੰਨੀ ਨਕਦੀ, ਸ਼ਰਾਬ, ਹੋਰ ਨਸ਼ੇ ਆਦਿ ਦੀ ਵਰਤੋਂ ਕੀਤੇ ਜਾਣ ਖ਼ਿਲਾਫ਼ ਟੈਕਸ ਅਧਿਕਾਰੀਆਂ ਨੂੰ ਚੌਕਸ ਰਹਿਣ ਪ੍ਰਤੀ ਜਾਗਰੂਕ ਕੀਤਾ ਸੀ। -ਪੀਟੀਆਈ