ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਗਾਤਾਰ ਪੈ ਰਹੇ ਮੀਂਹ ਨੇ ਬਿਜਲੀ ਦੀ ਮੰਗ ਘਟਾਈ

07:37 AM Jul 09, 2023 IST
ਜ਼ੀਰਕਪੁਰ ਵਿੱਚ ਭਰੇ ਮੀਂਹ ਦੇ ਪਾਣੀ ’ਚ ਡਿੱਗਣ ਤੋਂ ਬਚਦਾ ਹੋਇਆ ਡਿਲਿਵਰੀ ਬੁਆਏ। -ਫੋਟੋ: ਨਿਤਿਨ ਮਿੱਤਲ

ਜਗਮੋਹਨ ਸਿੰਘ/ਜੋਗਿੰਦਰ ਸਿੰਘ ਮਾਨ
ਘਨੌਲੀ/ਮਾਨਸਾ, 8 ਜੁਲਾਈ
ਪੰਜਾਬ ਅੰਦਰ ਲਗਾਤਾਰ ਪੈ ਰਹੇ ਮੀਂਹ ਮਗਰੋਂ ਤਾਪਮਾਨ ਵਿੱਚ ਗਿਰਾਵਟ ਕਰਕੇ ਬਿਜਲੀ ਦੀ ਮੰਗ ਵਿੱਚ ਵੱਡੀ ਗਿਰਾਵਟ ਆਈ ਹੈ। ਇਸ ਦੇ ਮੱਦੇਨਜ਼ਰ ਪਾਵਰਕੌਮ ਵਿਭਾਗ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਸਮੁੱਚੇ ਯੂਨਿਟਾਂ ਦਾ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ। ਮੀਂਹ ਪੈਣ ਮਗਰੋਂ ਝੋਨੇ ਦੀ ਲੁਆਈ ਲਈ ਵੀ ਹੁਣ ਕਿਸਾਨਾਂ ਨੂੰ ਮੋਟਰਾਂ ਚਲਾਉਣ ਦੀ ਲੋੜ ਨਹੀਂ ਰਹੀ ਹੈ, ਜਿਸ ਕਰਕੇ ਪਿੰਡਾਂ ਵਿੱਚ ਵੀ ਬਿਜਲੀ ਦੀ ਮੰਗ ਇਸ ਵੇਲੇ ਕਾਫੀ ਘੱਟ ਹੈ।
ਦੂਜੇ ਪਾਸੇ ਕੁਦਰਤੀ ਪਾਣੀ ਨਾਲ ਸਸਤੀ ਬਿਜਲੀ ਪੈਦਾ ਕਰਨ ਲਈ ਪਣ ਬਿਜਲੀ ਘਰਾਂ ਦੇ ਬਿਜਲੀ ਉਤਪਾਦਨ ਦੀ ਗਤੀ ਤੇਜ਼ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਦੀ ਮੰਗ ਨਾ ਹੋਣ ਕਾਰਨ ਥਰਮਲ ਪਲਾਂਟ ਰੂਪਨਗਰ ਦੇ ਯੂਨਿਟ ਨੰਬਰ 4 ਦਾ ਬਿਜਲੀ ਉਤਪਾਦਨ ਅੱਜ ਸਵੇਰੇ ਲਗਪਗ 11.30 ਵਜੇ ਤੇ ਯੂਨਿਟ ਨੰਬਰ 3 ਦਾ ਬਿਜਲੀ ਉਤਪਾਦਨ ਬਾਅਦ ਦੁਪਹਿਰ 2 ਵਜੇ ਬੰਦ ਕਰ ਦਿੱਤਾ ਗਿਆ ਹੈ। ਸੂਬੇ ਦੇ ਸਾਰੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਯੂਨਿਟ ਵੀ ਅੱਜ ਘੱਟ ਲੋਡ ’ਤੇ ਚਲਾਏ ਗਏ ਹਨ। ਅੱਜ ਰਣਜੀਤ ਸਾਗਰ ਡੈਮ ਪਣ ਬਿਜਲੀ ਘਰ ਦੇ ਯੂਨਿਟਾਂ ਰਾਹੀਂ 245 ਮੈਗਾਵਾਟ, ਮੁਕੇਰੀਆਂ ਹਾਈਡਲ ਪ੍ਰਾਜੈਕਟ ਰਾਹੀਂ 205 ਮੈਗਾਵਾਟ, ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਇੱਕ ਦੁਆਰਾ 57 ਮੈਗਾਵਾਟ, ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ 2 ਰਾਹੀਂ 58 ਮੈਗਾਵਾਟ ਤੇ ਸ਼ਾਨਨ ਪਣ ਬਿਜਲੀ ਘਰ ਰਾਹੀਂ 105 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਪੰਜਾਬ ਵਿੱਚ ਪੈ ਰਹੇ ਲਗਾਤਾਰ ਮੀਂਹ ਮਗਰੋਂ ਅੱਜ ਲਗਪਗ ਸਾਰਾ ਦਿਨ ਖੇਤੀ ਮੋਟਰਾਂ ਬੰਦ ਰਹੀਆਂ। ਹਾਲਾਂਕਿ ਪਾਵਰਕੌਮ ਵੱਲੋਂ ਖੇਤੀ ਮੋਟਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਪਰ ਮੀਂਹ ਮਗਰੋਂ ਹੁਣ ਝੋਨੇ ਦੀ ਲੁਆਈ ਲਈ ਮੋਟਰਾਂ ਦੀ ਵਰਤੋਂ ਦੀ ਲੋੜ ਨਹੀਂ ਪੈ ਰਹੀ। ਮਾਲਵਾ ਖੇਤਰ ਵਿੱਚ ਮਾਨਸਾ ਨੇੜੇ ਪਿੰਡ ਬਣਾਂਵਾਲਾ ਵਿੱਚ ਲੱਗੇ ਨਿੱਜੀ ਭਾਈਵਾਲੀ ਤਹਿਤ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਿਟਡ ਵੱਲੋਂ ਅੱਜ ਆਪਣੀ ਕੁੱਲ ਸਮਰੱਥਾ 1980 ਮੈਗਾਵਾਟ ਤੋਂ ਸਿਰਫ਼ 936 ਮੈਗਾਵਾਟ ਬਿਜਲੀ ਹੀ ਪੈਦਾ ਕੀਤੀ ਗਈ। ਰਾਜਪੁਰਾ ਸਥਿਤ ਐੱਲਐਂਡਟੀ ਦੇ ਤਾਪਘਰ ਵੱਲੋਂ ਵੀ ਆਪਣੀ ਪੂਰੀ ਸਮਰੱਥਾ 1400 ਮੈਗਾਵਾਟ ’ਚੋਂ ਸਿਰਫ਼ 685 ਮੈਗਾਵਾਟ ਹੀ ਬਿਜਲੀ ਸਪਲਾਈ ਕੀਤੀ ਗਈ ਹੈ। ਪਾਵਰਕੌਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਵੇਲੇ ਬਿਜਲੀ ਵਾਧੂ ਹੋਣ ਕਾਰਨ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਤਾਪਘਰਾਂ ਦੀ ਸਮਰੱਥਾ ਨੂੰ ਅੱਧਾ ਕੀਤਾ ਗਿਆ ਹੈ।

Advertisement

ਭਾਖੜਾ ਡੈਮ ’ਚ ਪਾਣੀ ਦਾ ਪੱਧਰ 1603.71 ਫੁੱਟ ’ਤੇ ਪੁੱਜਿਆ
ਨੰਗਲ (ਰਾਕੇਸ਼ ਸੈਣੀ): ਪਹਾੜੀ ਇਲਾਕਿਆਂ ’ਚ ਲਗਾਤਾਰ ਹੋ ਰਹੀ ਤੇਜ਼ ਬਰਸਾਤ ਕਾਰਨ ਭਾਖੜਾ ਡੈਮ ਨਾਲ ਲਗਦੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ 1603.71 ਫੁੱਟ ’ਤੇ ਪੁੱਜ ਗਿਆ ਹੈ। ਭਾਖੜਾ ਡੈਮ ਤੋਂ ਇਸ ਵੇਲੇ 175.52 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਅੱਜ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ 43425 ਕਿਊਸਿਕ ਦਰਜ ਕੀਤੀ ਗਈ, ਜਦਕਿ 23508 ਕਿਊਸਿਕ ਪਾਣੀ ਡੈਮ ਤੋਂ ਛੱਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਹਾਈਡਲ ਨਹਿਰ ’ਚ 10150 ਕਿਊਸਿਕ, ਨੰਗਲ ਹਾਈਡਲ ਨਹਿਰ ’ਚ 12350 ਕਿਊਸਿਕ, ਸਤਲੁਜ ਦਰਿਆ ’ਚ 1140 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਤੋਂ ਇਸ ਵੇਲੇ 175.52 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਦੇ ਮੁਕਾਬਲੇ ਝੀਲ ਵਿੱਚ ਅੱਜ ਪਾਣੀ ਦਾ ਪੱਧਰ ਲਗਪਗ 40 ਫੁੱਟ ਵੱਧ ਰਿਹਾ। ਪਿਛਲੇ ਸਾਲ ਇਹ 1563.32 ਫੁੱਟ ਸੀ। ਜ਼ਿਕਰਯੋਗ ਹੈ ਕਿ ਗੋਬਿੰਦ ਸਾਗਰ ਝੀਲ ਵਿੱਚ 1680 ਫੁੱਟ ਤੱਕ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ।

Advertisement
Advertisement
Tags :
ਘਟਾਈਬਿਜਲੀਮੀਂਹਲਗਾਤਾਰ
Advertisement