For the best experience, open
https://m.punjabitribuneonline.com
on your mobile browser.
Advertisement

ਇਨਾਇਤ ਕੋਟੀਏ ਨਵਾਬ ਘੁਮਿਆਰ ਦੀ ਕਲਾ ਦਾ ਵਾਰਿਸ ਜੈਲਾ ਰਾਮ ਬਾਜ਼ੀਗਰ

08:23 AM Aug 26, 2023 IST
ਇਨਾਇਤ ਕੋਟੀਏ ਨਵਾਬ ਘੁਮਿਆਰ ਦੀ ਕਲਾ ਦਾ ਵਾਰਿਸ ਜੈਲਾ ਰਾਮ ਬਾਜ਼ੀਗਰ
Advertisement

ਹਰਦਿਆਲ ਸਿੰਘ ਥੂਹੀ

Advertisement

ਇਕ ਨਵਾਬ ਘੁਮਿਆਰ ਇਨਾਇਤ ਕੋਟੀਆ ਦੀ ਗਾਇਨ ਸ਼ੈਲੀ ਨਿਵੇਕਲੀ ਤੇ ਵੱਖਰੀ ਸੀ। ਅੱਗੇ ਇਸ ਗਾਇਨ ਸ਼ੈਲੀ ਨੂੰ ਬਹੁਤ ਸਾਰੇ ਗਾਇਕਾਂ ਨੇ ਅਪਣਾਇਆ। ਉਸ ਦੀਆਂ ਪੈੜਾਂ ’ਚ ਪੈਰ ਰੱਖਣ ਵਾਲੇ ਅਜਿਹੇ ਗਾਇਕਾਂ ਵਿਚੋਂ ਹੀ ਇਕ ਹੋਇਆ ਹੈ ਜੈਲਾ ਰਾਮ ਬਾਜ਼ੀਗਰ।
ਜੈਲਾ ਰਾਮ ਦਾ ਜਨਮ ਸਾਂਝੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ (ਹੁਣ ਫੈਸਲਾਬਾਦ) ਦੇ ਪਿੰਡ ਰਾਮ ਦਿਵਾਲੀ ਵਿਖੇ ਨਰਸੋਤ ਗੋਤ ਦੇ ਬਾਜ਼ੀਗਰ ਪਰਿਵਾਰ ਵਿਚ ਸਾਈਂ ਚੀਨਾ ਰਾਮ ਦੇ ਘਰ ਮਾਤਾ ਮੱਤੀ ਦੀ ਕੁੱਖੋਂ 1920 ਤੋਂ 1925 ਦੇ ਵਿਚਕਾਰ ਹੋਇਆ। ਚੀਨਾ ਰਾਮ ਫ਼ਕੀਰ ਬਿਰਤੀ ਵਾਲਾ ਬੰਦਾ ਸੀ। ਉਹ ‘ਸਖ਼ੀ ਸਰਵਰ’ ਦੀ ਭਗਤ ‘ਦਾਨੀ ਜੱਟੀ’ ਦੇ ਸਥਾਨ ਦਾ ਸੇਵਕ ਸੀ। ਇਸ ਲਈ ਲੋਕ ਉਸ ਨੂੰ ‘ਸਾਈਂ’ ਆਖਦੇ ਸਨ। ਉਹ ਆਪ ਭਾਵੇਂ ਗਾਉਂਦਾ ਨਹੀਂ ਸੀ, ਪਰ ਸੰਗੀਤ ਨਾਲ ਲਗਾਅ ਜ਼ਰੂਰ ਰੱਖਦਾ ਸੀ। ਜੈਲਾ ਰਾਮ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਉਸ ਦਾ ਬਚਪਨ ਬਾਜ਼ੀਗਰ ਪਰਿਵਾਰਾਂ ਦੇ ਆਮ ਬੱਚਿਆਂ ਵਾਂਗ ਖੇਡਦੇ ਕੁੱਦਦਿਆਂ ਹੀ ਬੀਤਿਆ। ਉਸ ਨੂੰ ਸਕੂਲੀ ਵਿਦਿਆ ਪ੍ਰਾਪਤ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ। ਸਾਈਂ ਚੀਨਾ ਰਾਮ ਆਪਣੇ ਪੁੱਤਰ ਨੂੰ ‘ਗੌਣ’ ਸਿਖਾਉਣਾ ਚਾਹੁੰਦਾ ਸੀ। ਇਸ ਲਈ ਜਦੋਂ ਉਹ ਬਚਪਨ ਤੋਂ ਜਵਾਨੀ ਵਿਚ ਪੈਰ ਧਰ ਰਿਹਾ ਸੀ ਤਾਂ ਚੀਨਾ ਰਾਮ ਨੇ ਉਸ ਨੂੰ ਆਪਣੇ ਗਾਇਕ ਭਰਾ ਦੁੱਲਾ ਰਾਮ ਦੇ ਲੜ ਲਾ ਦਿੱਤਾ। ਇਸ ਤਰ੍ਹਾਂ ਗਾਇਕੀ ਦਾ ਪਹਿਲਾ ਸਬਕ ਜੈਲਾ ਰਾਮ ਨੇ ਆਪਣੇ ਘਰੋਂ ਹੀ ਪੜ੍ਹਿਆ। ਬਾਅਦ ਵਿਚ ਉਸ ਨੇ ਉਸ ਸਮੇਂ ਦੇ ਪ੍ਰਸਿੱਧ ਗਾਇਕ ਨਵਾਬ ਘੁਮਿਆਰ ਇਨਾਇਤ ਕੋਟੀਏ ਤੋਂ ‘ਗੌਣ’ ਸਿੱਖਣਾ ਸ਼ੁਰੂ ਕਰ ਦਿੱਤਾ। ‘ਗੌਣ’ ਸਿੱਖਣ ਦੇ ਨਾਲ ਨਾਲ ਉਹ ਨਵਾਬ ਦੇ ਘਰੇਲੂ ਕੰਮ ਵੀ ਕਰਦਾ। ਉਸ ਦੀਆਂ ਗਧੀਆਂ ਵੀ ਚਾਰਦਾ ਅਤੇ ਬਾਗ਼ ਦੀ ਰਾਖੀ ਵੀ ਕਰਦਾ। ਕੁਝ ਸਾਲਾਂ ਵਿਚ ਉਹ ‘ਕਿੰਗ’ ਵਜਾ ਕੇ ਗਾਉਣ ਲੱਗ ਪਿਆ। ਨਵਾਬ ਤੋਂ ਇਲਾਵਾ ਉਸ ਨੇ ਜੱਲ੍ਹਣ ਵਾਲਾ ਬਾਵਾ ਅਤੇ ਬਲੋਚ ਸ਼ਮੀਰ ਤੋਂ ਵੀ ‘ਗੌਣ’ ਸਿੱਖਿਆ, ਪਰ ਕਿਸੇ ਨੂੰ ਵੀ ਵਿਧੀਵਤ ਉਸਤਾਦ ਨਹੀਂ ਧਾਰਿਆ। ਉਸਤਾਦੀ ਸ਼ਾਗਿਰਦੀ ਦੀ ਬਾਕਾਇਦਾ ਰਸਮ ਉਸ ਨੇ ਨੇੜਲੇ ਪਿੰਡ ਦੇ ਆਪਣੀ ਹੀ ਬਰਾਦਰੀ ਦੇ ਗਾਇਕ ਦਾਰੀ ਰਾਮ ਨਾਲ ਨਿਭਾਈ। ਇਹ ਸਾਰੀ ਜਾਣਕਾਰੀ ਜੈਲਾ ਰਾਮ ਦੇ ਚਚੇਰੇ ਭਰਾ ਕੱਕਾ ਰਾਮ (90 ਸਾਲ) ਅਤੇ ਜੈਲਾ ਰਾਮ ਦੇ ਗਾਇਕ ਪੁੱਤਰ ਭਜਨ ਲਾਲ ਨੇ ਸਾਂਝੀ ਕੀਤੀ।
ਦੇਸ਼ ਵੰਡ ਦਾ ਸੰਤਾਪ ਜੈਲਾ ਰਾਮ ਦੇ ਪਰਿਵਾਰ ਨੂੰ ਵੀ ਹੰਢਾਉਣਾ ਪਿਆ। ਉੱਧਰੋਂ ਘਰ-ਬਾਰ, ਡੰਗਰ-ਪਸ਼ੂ ਛੱਡ ਕੇ ਦੁੱਖ-ਤਕਲੀਫ਼ਾਂ ਸਹਿੰਦਾ ਪਰਿਵਾਰ ਇੱਧਰ ਆ ਗਿਆ। ਇੱਧਰ ਕਬੀਲੇ ਦੇ ਹੋਰ ਪਰਿਵਾਰਾਂ ਨਾਲ ਪਹਿਲਾਂ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਵਿਚ ਰਹਿਣਾ ਪਿਆ। ਫੇਰ ਸਰਸੇ ਚਲੇ ਗਏ। ਉੱਥੇ ਕੁਝ ਦੇਰ ਟਿਕਣ ਤੋਂ ਬਾਅਦ ‘ਉੱਚਾ ਪਿੰਡ ਸੰਘੋਲ’ ਆ ਗਏ। ਅਖ਼ੀਰ ਸਮਰਾਲਾ ਤਹਿਸੀਲ ਦੇ ਪਿੰਡ ਢਿੱਲਵਾਂ ਵਿਖੇ ਪੱਕਾ ਟਿਕਾਣਾ ਮਿਲਿਆ। ਕੁਝ ਸਮੇਂ ਬਾਅਦ ਜਦੋਂ ਏਥੇ ਥੋੜ੍ਹੀਆਂ ਜਿਹੀਆਂ ਜੜ੍ਹਾਂ ਲੱਗ ਗਈਆਂ ਤਾਂ ਜੈਲਾ ਰਾਮ ਦੇ ਅੰਦਰਲੇ ਗਾਇਕ ਨੇ ਹੁੱਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਸਨਅਤੀ ਸ਼ਹਿਰ ਗੋਬਿੰਦਗੜ੍ਹ ਦੇ ਨੇੜਲੇ ਪਿੰਡ ਭਾਤਲਾ ਆ ਵਸੇ ਆਪਣੇ ਉਸਤਾਦ ਦਾਰੀ ਰਾਮ ਦੀ ਅਗਵਾਈ ਵਿਚ ਉੱਚਾ ਪਿੰਡ ਸੰਘੋਲ ਵਾਲੇ ਮੋਹਣੀ (ਮੋਹਣ ਲਾਲ) ਨੂੰ ਢੋਲਕ, ਚਿੜੀਆ ਰਾਮ ਨੂੰ ਘੜੇ ਅਤੇ ਭਾਤਲੇ ਵਾਲੇ ਮੱਘੂ ਰਾਮ ਨੂੰ ਚਿਮਟੇ ’ਤੇ ਲਾ ਕੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ। ਜੈਲਾ ਰਾਮ ਦੇ ਗਰੁੱਪ ਨੇ ਲਗਾਤਾਰ ਲੰਮਾਂ ਸਮਾਂ ਪ੍ਰੋਗਰਾਮ ਕੀਤੇ।
ਜੈਲਾ ਰਾਮ ਦੇ ਲੋਕ ਗਾਥਾ ‘ਗੌਣ’ ਦੀਆਂ ਬਹੁਤ ਸਾਰੀਆਂ ‘ਲੜੀਆਂ’ ਕੰਠ ਸਨ। ‘ਲੜੀ’ ਤੋਂ ਭਾਵ ਕਿੱਸਾ ਹੈ। ਇਨ੍ਹਾਂ ਵਿਚ ਪੂਰਨ ਭਗਤ, ਦਹੂਦ ਬਾਦਸ਼ਾਹ, ਵੀਰ ਜੋਧ, ਜੈਮਲ ਫੱਤਾ, ਢੋਲ ਸੰਮੀ, ਸੱਸੀ, ਹੀਰ, ਮਿਰਜ਼ਾ, ਲਛਮਣ ਜਤੀ, ਹਰੀਸ਼ ਚੰਦਰ ਆਦਿ ਸ਼ਾਮਲ ਸਨ। ‘ਪੂਰਨ’ ਇਹ ਪ੍ਰਸਿੱਧ ਕਵੀ ਕਾਲੀਦਾਸ ਦਾ ਅਤੇ ‘ਸੱਸੀ’ ਕਰੀਮ ਬਖ਼ਸ਼ ਦੀ ਗਾਉਂਦੇ ਸਨ। ਇਹ ਇਕ ‘ਗਾਥਾ’ ਨੂੰ ਕਈ ਕਈ ਦਿਨ ਗਾਉਣ ਦੀ ਸਮਰੱਥਾ ਰੱਖਦੇ ਸਨ।
ਜੈਲਾ ਰਾਮ ਆਲ ਇੰਡੀਆ ਰੇਡੀਓ ਦੇ ਜਲੰਧਰ ਕੇਂਦਰ ਦਾ ਬੀ ਹਾਈ ਗਰੇਡ ਕਲਾਕਾਰ ਸੀ। ਇਸ ਕੇਂਦਰ ’ਤੇ ਉਸ ਨੂੰ ਵਾਰ ਵਾਰ ਪੇਸ਼ ਹੋਣ ਦੇ ਮੌਕੇ ਮਿਲਦੇ ਰਹੇ। ਏਥੋਂ ਪ੍ਰਸਾਰਿਤ ਹੋਣ ਵਾਲੀਆਂ ਉਸ ਦੀਆਂ ਲੋਕ ਗਾਥਾਵਾਂ ਵਿਚੋਂ ਕੁਝ ਨਮੂਨੇ ਹਨ:
* ਫੇਰ ਮਿਲੀਂ ਇਕ ਵਾਰੀ ਰੂਹਾ,
ਅਰਜ਼ ਪਿਤਾ ਬੁੱਤ ਕਰਦਾ।
ਤੇਰੇ ਬਾਝ ਪਿਆ ਘਰ ਸੁੰਨਾ,
ਨਹੀਂ ਕੋਈ ਅੰਦਰ ਵੜਦਾ।
ਤੇਰੇ ਬਾਝੋਂ ਕਾਲੀ ਦਾਸਾ,
ਬੁੱਤ ਚਿਖਿਆ ਤੇ ਚੜ੍ਹਦਾ। (ਪੂਰਨ)
* ਆ ਰਿਹਾ ਸਵੇਰਾ ਜਾਵੇ ਨ੍ਹੇਰਿਆਂ ਨੂੰ ਚੀਰਦਾ,
ਖੇੜਿਆਂ ਨੇ ਖੋਹ ਲਿਆ ਡੋਲਾ ਰਾਂਝੇ ਕੋਲੋਂ ਹੀਰ ਦਾ। (ਹੀਰ)
* ਜੈਮਲ ’ਵਾਜ਼ਾਂ ਮਾਰੀਆਂ, ਮਾਂ ਨੂੰ ਲਏ ਬੁਲਾ।
ਮੈਂ ਚੱਲਿਆ ਗੜ੍ਹ ਦਿੱਲੀ ਨੂੰ, ਮੈਨੂੰ ਕੋਈ ਤੇ ਮੱਤ ਸਿਖਾ।
ਅੱਗਿਊਂ ਕੇਸਰਾਂ ਬੋਲਦੀ, ਕਰੇ ਬੱਚੇ ਨਾਲ ਬਿਆਨ।
ਬੱਚਾ ਤੂੰ ਹੈਂ ਨੌਕਰ ਉਸਦਾ, ਉਹਨੂੰ ਕਰੀਂ ਸਲਾਮ।
ਆਕੜ ਨਾ ਕਰੀਂ ਜੈਮਲਾ, ਮੱਤ ਹੋਵੇ ਨੁਕਸਾਨ। (ਜੈਮਲ ਫੱਤਾ)
* ਪਿੰਡੋਂ ਬਾਹਰ ਜਾ ਕੇ ਲੜਕੇ, ਇੱਕ ਖੇਡ ਬਣਾਈ।
ਆਪ ਬਣਿਆ ਬਾਦਸ਼ਾਹ, ਦੂਜੀ ਰੱਯਤ ਬਣਾਈ।
ਤੇਲਣ ਦਾ ਪੁੱਤ ਚੋਰ ਸੀ, ਦਹੂਦ ਨੇ ਮੁੱਕੀ ਲਾਈ।
ਕਹਿੰਦਾ ਉੱਥੇ ਮਰ ਦਹੂਦਾ, ਜਿੱਥੇ ਮੰਗ ਖੁਹਾਈ।
(ਦਹੂਦ ਬਾਦਸ਼ਾਹ)
ਜੈਲਾ ਰਾਮ ਦਾ ਵਿਆਹ ਵੰਡ ਤੋਂ ਪਹਿਲਾਂ ਪੱਛਮੀ ਪੰਜਾਬ ’ਚ ਨੇੜਲੇ ਪਿੰਡ ਦੇ ਮੋਨਾ ਰਾਮ ਭਾਗਣ ਦੀ ਧੀ ਨੂਰਾਂ ਦੇਵੀ ਨਾਲ ਹੋ ਗਿਆ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ ਇਨ੍ਹਾਂ ਦੇ ਘਰ ਪੁੱਤਰੀ ਨੇ ਜਨਮ ਲਿਆ। ਇੱਧਰ ਆ ਕੇ ਜੋੜੀ ਦੇ ਘਰ ਪੰਜ ਪੁੱਤਰਾਂ ਅਤੇ ਦੋ ਹੋਰ ਧੀਆਂ ਦਾ ਜਨਮ ਹੋਇਆ। ਬਾਕੀ ਸਾਰੇ ਪੁੱਤਰ ਤਾਂ ਮਜ਼ਦੂਰੀ ਹੀ ਕਰਦੇ ਹਨ ਪਰ ਇਕ ਪੁੱਤਰ ਨੇ ਆਪਣੇ ਪਿਤਾ ਵਾਲੀ ਲਾਈਨ ਫੜੀ। ਉਸ ਦਾ ਨਾਂ ਭਜਨ ਲਾਲ ਹੈ।
ਲੰਮਾ ਸਮਾਂ ਜੈਲਾ ਰਾਮ ਆਪਣੇ ਸਾਥੀਆਂ ਨਾਲ ਗਾਉਂਦਾ ਰਿਹਾ। ਪ੍ਰਸਿੱਧ ਅਲਗੋਜ਼ਾ ਵਾਦਕ ਉਸਤਾਦ ਮੰਗਲ ਰਾਮ ਸੁਨਾਮੀ ਨੇ ਵੀ ਉਸ ਨਾਲ ਕਈ ਵਾਰ ਅਲਗੋਜ਼ਿਆਂ ’ਤੇ ਸਾਥ ਦਿੱਤਾ। 1990 ਤੋਂ ਬਾਅਦ ਜੈਲਾ ਰਾਮ ਨੇ ਗਾਉਣਾ ਛੱਡ ਦਿੱਤਾ। ਅਖ਼ੀਰ ਨਵੰਬਰ 1999 ਨੂੰ ਉਹ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ। ਹੁਣ ਵੀ ਕਦੇ ਕਦਾਈਂ ਉਸ ਦੀ ਆਵਾਜ਼ ਵਿਚ ਜਲੰਧਰ ਰੇਡੀਓ ਤੋਂ ਢਾਈ ਵਜੇ ਵਾਲੇ ਲੋਕ ਗੀਤਾਂ ਦੇ ਪ੍ਰੋਗਰਾਮ ਵਿਚ ਗੀਤ ਸੁਣਾਈ ਦੇ ਜਾਂਦੇ ਹਨ।

Advertisement

ਸੰਪਰਕ: 84271-00341

Advertisement
Author Image

sukhwinder singh

View all posts

Advertisement