ਵਾਟਰ ਵਰਕਸ ਦੀ ਪਾਈਪਲਾਈਨ ਦਾ ਉਦਘਾਟਨ
ਸ਼ਗਨ ਕਟਾਰੀਆ
ਬਠਿੰਡਾ, 15 ਸਤੰਬਰ
ਪੰਜਾਬ ਐਗਰੋ ਦੇ ਚੇਅਰਮੈਨ ਅਤੇ ‘ਆਪ’ ਦੇ ਸੂਬਾ ਸਕੱਤਰ ਸ਼ਮਿੰਦਰ ਖਿੰਡਾ ਵੱਲੋਂ ਪਿੰਡ ਜੱਸੀ ਬਾਗਵਾਲੀ ਵਿੱਚ 14 ਲੱਖ ਰੁਪਏ ਦੀ ਲਾਗਤ ਨਾਲ ਪਾਈ ਗਈ ਵਾਟਰ ਵਰਕਸ ਦੀ ਪਾਈਪ ਲਾਈਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਅਤੇ ‘ਆਪ’ ਬਠਿੰਡਾ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਸਮੇਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਸ਼ਮਿੰਦਰ ਖਿੰਡਾ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ। ਉਨ੍ਹਾਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਬਠਿੰਡਾ ਦਿਹਾਤੀ ਹਲਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ, ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਜਤਿੰਦਰ ਭੱਲਾ ਨੇ ਦੱਸਿਆ ਕਿ ਪਿੰਡ ਦੇ ਵਾਟਰ ਵਕਸ ਨੂੰ ਜੱਸੀ ਬਾਗ ਵਾਲੀ ਨੇੜੇ ਲੱਗਦੀ ਕੱਸੀ ਵਿੱਚੋਂ ਨਹਿਰੀ ਪਾਣੀ ਸਪਲਾਈ ਕੀਤਾ ਜਾ ਰਿਹਾ ਸੀ, ਪਰ ਨਹਿਰੀ ਪਾਣੀ ਸਪਲਾਈ ਕਰਨ ਵਾਲਾ ਖਾਲ ਖੁੱਲ੍ਹਾ ਸੀ, ਜਿਸ ਕਾਰਨ ਪਾਣੀ ਵਿੱਚ ਗੰਦਗੀ ਤੋਂ ਇਲਾਵਾ ਕੂੜਾ ਕਰਕਟ ਰਲ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਕਾਰਨ ਲੋਕ ਪਿਛਲੇ ਲੰਮੇ ਸਮੇਂ ਤੋਂ ਵਾਟਰ ਵਰਕਸ ਦਾ ਅਸ਼ੁੱਧ ਪਾਣੀ ਪੀਣ ਲਈ ਮਜ਼ਬੂਰ ਸਨ, ਪਰ ਜਦੋਂ ਪੀਣ ਵਾਲੇ ਸਾਫ਼ ਪਾਣੀ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਪੰਜਾਬ ਸਰਕਾਰ ਤੋਂ 14 ਲੱਖ ਰੁਪਏ ਦੀ ਲਾਗਤ ਨਾਲ ਪਾਈਪ ਲਾਈਨ ਦਾ ਪ੍ਰਾਜੈਕਟ ਪਾਸ ਕਰਵਾਇਆ।
ਸ਼ਮਿੰਦਰ ਖਿੰਡਾ ਨੇ ਕਿਹਾ ਕਿ ਪਿੰਡ ਦੀ ਕੱਸੀ ਤੋਂ ਵਾਟਰ ਵਰਕਸ ਤੱਕ ਪਾਈ ਗਈ ਪਾਈਪ ਲਾਈਨ ਨਾਲ, ਜਿੱਥੇ ਵਾਟਰ ਵਰਕਸ ਨੂੰ ਸਹੀ ਨਹਿਰੀ ਪਾਣੀ ਦੀ ਸਪਲਾਈ ਹੋ ਸਕੇਗੀ, ਉਥੇ ਹੀ ਪਾਣੀ ਗੰਧਲਾ ਨਹੀਂ ਹੋਵੇਗਾ।