ਫਰੂਡੇਨਬਰਗ ਵੱਲੋਂ ਮੋਰਿੰਡਾ ’ਚ ਦੋ ਪਲਾਂਟਾਂ ਦਾ ਉਦਘਾਟਨ
ਸੰਜੀਵ ਤੇਜਪਾਲ
ਮੋਰਿੰਡਾ, 15 ਅਕਤੂਬਰ
ਜਰਮਨੀ ਸਥਿਤ ਗਲੋਬਲ ਤਕਨਾਲੋਜੀ ਹਾਊਸ ਫਰੂਡੇਨਬਰਗ ਗਰੁੱਪ ਨੇ ਮੋਰਿੰਡਾ ਵਿੱਚ ਦੋ ਆਧੁਨਿਕ ਨਿਰਮਾਣ ਯੂਨਿਟਾਂ ਦਾ ਉਦਘਾਟਨ ਕੀਤਾ। ਇਹ ਆਧੁਨਿਕ ਪਲਾਂਟ ਫਰੂਡੇਨਬਰਗ-ਐਨਓਕੇ ਇੰਡੀਆ ਪ੍ਰਾਈਵੇਟ ਲਿਮਟਿਡ ਤੇ ਵਿਬਰਾਕੋਸਟਿਕ ਇੰਡੀਆ ਵੱਲੋਂ ਚਲਾਇਆ ਜਾਵੇਗਾ| ਇਹ ਨਵਾਂ ਕਦਮ, ਬਾਸਮਾ ਅਤੇ ਮੁਹਾਲੀ ਵਿੱਚ ਕੰਪਨੀ ਦੇ ਮੌਜੂਦਾ ਪਲਾਂਟਾਂ ਦੇ ਨਾਲ, ਕੰਪਨੀ ਦੇ ਸੰਚਾਲਨ ਨੂੰ ਹੋਰ ਮਜ਼ਬੂਤ ਕਰੇਗਾ। ਮੋਰਿੰਡਾ ਯੂਨਿਟ ਵਿੱਚ 42 ਮਿਲੀਅਨ ਯੂਰੋ ਤੋਂ ਵੱਧ ਦਾ ਨਿਵੇਸ਼ ਭਾਰਤ ਲਈ ਕੰਪਨੀ ਦੀ ਸਭ ਤੋਂ ਵੱਡੀ ਵਿੱਤੀ ਵਚਨਬੱਧਤਾ ਹੈ। ਨਵੇਂ ਪਲਾਂਟ ਘਰੇਲੂ ਅਤੇ ਵਿਦੇਸ਼ੀ ਬਾਜ਼ਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਕਨਾਲੋਜੀ ਨਾਲ ਲੈਸ ਹਨ। ਫਰੂਡੇਨਬਰਗ ਗਰੁੱਪ ਦੇ ਸੀਈਓ ਡਾ. ਮੋਹਸੇਨ ਸੋਹੀ ਨੇ ਕਿਹਾ ਕਿ ਮੋਰਿੰਡਾ ਦੀ ਨਵੀਂ ਯੂਨਿਟ ਵਿੱਚ ਨਿਵੇਸ਼ ਭਾਰਤੀ ਬਾਜ਼ਾਰ ਪ੍ਰਤੀ ਫਰੂਡੇਨਬਰਗ ਦੀ ਵਚਨਬੱਧਤਾ ਅਤੇ ਇਸ ਦੀ ‘ਮੇਕ ਇਨ ਇੰਡੀਆ’ ਸੋਚ ਨੂੰ ਦਰਸਾਉਂਦਾ ਹੈ। ਇਹ ਵਿਸਤਾਰ ਗਲੋਬਲ ਵਿਕਾਸ ਯੋਜਨਾਵਾਂ ਦੇ ਅਨੁਸਾਰ ਹੈ, ਜੋ ਗੁਣਵੱਤਾ ਦੇ ਨਾਲ ਖਪਤਕਾਰਾਂ ਦੀ ਸੇਵਾ ਕਰਨ ਦੀ ਸਾਡੀ ਯੋਗਤਾ ਨੂੰ ਹੋਰ ਮਜ਼ਬੂਤ ਕਰੇਗਾ।
ਮੈਨੇਜਿੰਗ ਡਾਇਰੈਕਟਰ, ਫਰੂਡੇਨਬਰਗ ਪਰਫਾਰਮੈਂਸ ਮੈਟੀਰੀਅਲ ਇੰਡੀਆ ਤੇ ਡਾਇਰੈਕਟਰ ਤੇ ਸੀਈਓ, ਫਰੂਡੇਨਬਰਗ ਰੀਜਨਲ ਕਾਰਪੋਰੇਟ ਸੈਂਟਰ ਇੰਡੀਆ ਸਿਵਸੈਲਮ ਜੀ ਨੇ ਕਿਹਾ ਕਿ ਨਵੇਂ ਪਲਾਂਟ ਬਿਹਤਰ ਸੇਵਾਵਾਂ ’ਚ ਸਹਾਈ ਹੋਣਗੇ।