ਵਿਧਾਇਕ ਵੱਲੋਂ ਸਾਰੰਗਪੁਰ ਵਿੱਚ ਟਿਊਬਵੈੱਲ ਦਾ ਉਦਘਾਟਨ
ਸਰਬਜੀਤ ਸਿੰਘ ਭੱਟੀ
ਲਾਲੜੂ, 21 ਸਤੰਬਰ
ਹੰਡੇਸਰਾ ਸਰਕਲ ਦੇ ਪਿੰਡ ਸਾਰੰਗਪੁਰ ਵਾਸੀਆ ਕਾਫੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਸਮੱਸਿਆ ਨਾਲ ਜੂਝ ਰਿਹਾ ਸੀ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਯਤਨਾਂ ਸਦਕਾ ਹੁਣ ਇਸ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ। ਅੱਜ ਸ੍ਰੀ ਰੰਧਾਵਾ ਨੇ ਪਿੰਡ ਵਿੱਚ 19.12 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਟਿਊਬਵੈੱਲ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ, ਜਿਸ ਤੋਂ ਬਾਅਦ ਆਸ ਹੈ ਕਿ ਇਲਾਕੇ ਵਿੱਚ ਪਾਣੀ ਦੀ ਕਿੱਲਤ ਦਾ ਸਥਾਈ ਹੱਲ ਨਿਕਲ ਜਾਵੇਗਾ। ਨਵੇਂ ਟਿਊਬਵੈੱਲ ਲਗਾਉਣ ਦੀ ਸ਼ੁਰੂਆਤ ਮੌਕੇ ਆਮ ਆਦਮੀ ਪਾਰਟੀ ਦੀ ਟੀਮ ਦੇ ਨਾਲ ਬਲਾਕ ਪ੍ਰਧਾਨ ਦਿਹਾਤੀ, ਐੱਸਡੀਓ ਜਲ ਸਪਲਾਈ ਅਤੇ ਐੱਸਐੱਚਓ ਹੰਡੇਸਰਾ ਵੀ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਰੰਧਾਵਾ ਨੇ ਪਿੰਡ ਵਾਸੀਆਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਹਰ ਨਾਗਰਿਕ ਨੂੰ ਪੀਣ ਵਾਲੇ ਸਾਫ਼ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਨਵੇਂ ਟਿਊਬਵੈੱਲ ਦੀ ਉਸਾਰੀ ਸਾਰੰਗਪੁਰ ਵਾਸੀਆ ਵਿੱਚ ਪਾਣੀ ਦੀ ਸਮੱਸਿਆ ਦੇ ਹੱਲ ਵੱਲ ਪਹਿਲਾ ਕਦਮ ਹੈ। ਇਸ ਮੌਕੇ ਪਿੰਡ ਸਾਰੰਗਪੁਰ ਦੇ ਲੋਕਾਂ ਨੇ ਵਿਧਾਇਕ ਸ੍ਰੀ ਰੰਧਾਵਾ ਦਾ ਉਨ੍ਹਾਂ ਦੀ ਚਿਰੋਕਣੀ ਸਮੱਸਿਆ ਦੇ ਹੱਲ ਲਈ ਤੁਰੰਤ ਕਾਰਵਾਈ ਕਰਨ ਲਈ ਧੰਨਵਾਦ ਕੀਤਾ।