ਮੇਅਰ ਵੱਲੋਂ ਕਿਸ਼ਨਗੜ੍ਹ ਵਿੱਚ ਟਿਊਬਵੈੱਲ ਤੇ ਬੂਸਟਰ ਦਾ ਉਦਘਾਟਨ
ਮੁਕੇਸ਼ ਕੁਮਾਰ
ਚੰਡੀਗੜ੍ਹ, 2 ਸਤੰਬਰ
ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਅੱਜ ਪਿੰਡ ਕਿਸ਼ਨਗੜ੍ਹ ਵਿੱਚ ਪੰਪਿੰਗ ਮਸ਼ੀਨਰੀ ਸਣੇ ਪਾਈਪਲਾਈਨ ਵਿਛਾਉਣ ਵਾਲੇ ਨਵੇਂ ਬਣੇ ਟਿਊਬਵੈੱਲ ਅਤੇ ਬੂਸਟਰ ਦਾ ਉਦਘਾਟਨ ਕੀਤਾ। ਇਸ ਇੱਕ ਲੱਖ ਗੈਲਨ ਦੀ ਸਮਰੱਥਾ ਵਾਲੇ ਟਿਊਬਵੈੱਲ ਅਤੇ ਬੂਸਟਰ ਲਈ ਪਿੰਡ ਦੇ ਵਿਕਾਸ ਫੰਡਾਂ ਤਹਿਤ 92.81 ਲੱਖ ਰੁਪਏ ਖ਼ਰਚ ਕੀਤੇ ਗਏ ਹਨ। ਇਸ ਮੌਕੇ ਮੇਅਰ ਨੇ ਕਿਹਾ ਕਿ ਕਿਸ਼ਨਗੜ੍ਹ ਪਿੰਡ ਦੀ ਆਬਾਦੀ ਲਗਪਗ ਵੀਹ ਹਜ਼ਾਰ ਹੈ, ਜਿਸ ਵਿੱਚ ਰੋਜ਼ਾਨਾ 0.65 ਐਮਜੀ ਪਾਣੀ ਦੀ ਮੰਗ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਕਿਸ਼ਨਗੜ੍ਹ ਕੋਲ ਪਾਣੀ ਦੀ ਸਪਲਾਈ ਦੇ ਸਰੋਤਾਂ ਵਜੋਂ ਸਿਰਫ਼ ਦੋ ਟਿਊਬਵੈੱਲ ਹਨ ਜੋ 0.44 ਐਮਜੀ ਪਾਣੀ ਪ੍ਰਤੀ ਦਿਨ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਪਿੰਡ ਕਿਸ਼ਨਗੜ੍ਹ ਲਈ ਨਵਾਂ ਟਿਊਬਵੈੱਲ ਅਤੇ ਬੂਸਟਰ ਲਗਾਉਣ ਨਾਲ ਰੋਜ਼ਾਨਾ 0.24 ਐਮਜੀ ਵਾਧੂ ਪਾਣੀ ਸਪਲਾਈ ਕੀਤਾ ਜਾਵੇਗਾ, ਜਿਸ ਨਾਲ ਪਿੰਡ ਦੀ ਖ਼ਪਤ ਦੀ ਕੁੱਲ ਲੋੜ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਥਾਨਕ ਲੋਕਾਂ ਵੱਲੋਂ ਉਨ੍ਹਾਂ ਦੇ ਇਲਾਕੇ ਵਿੱਚ ਲੰਬੇ ਸਮੇਂ ਤੋਂ ਘੱਟ ਪ੍ਰੈਸ਼ਰ ਵਾਲੇ ਪਾਣੀ ਦੀ ਸਪਲਾਈ ਹੋਣ ਦੀ ਸ਼ਿਕਾਇਤ ਕੀਤੀ ਜਾਂਦੀ ਸੀ। ਮੇਅਰ ਨੇ ਕਿਹਾ ਕਿ ਪਿੰਡ ਕਿਸ਼ਨਗੜ੍ਹ ਦੇ ਵਸਨੀਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਅੱਜ ਟਿਊਬਵੈੱਲ ਅਤੇ ਬੂਸਟਰ ਚਾਲੂ ਹੋਣ ਨਾਲ ਪੂਰੀ ਹੋ ਗਈ ਹੈ ਕਿਉਂਕਿ ਉਨ੍ਹਾਂ ਨੂੰ ਤੀਜੀ ਮੰਜ਼ਿਲ ਤੱਕ ਲੋੜੀਂਦੇ ਪ੍ਰੈਸ਼ਰ ’ਤੇ ਪਾਣੀ ਮਿਲੇਗਾ।
ਇਸ ਮੌਕੇ ਇਲਾਕਾ ਕੌਂਸਰ ਸੁਮਨ ਸ਼ਰਮਾ ਸਣੇ ਨਗਰ ਨਿਗਮ ਦੇ ਚੀਫ ਇੰਜਨੀਅਰ ਐਨਪੀ ਸ਼ਰਮਾ, ਜਨਸਿਹਤ ਵਿਭਾਗ ਦੇ ਐੱਸਈ ਹਰਜੀਤ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।