ਜਿੰਪਾ ਵੱਲੋਂ ਪੰਡਤ ਸ਼ਰਧਾ ਰਾਮ ਫਿਲੌਰੀ ਦੇ ਬੁੱਤ ਦਾ ਉਦਘਾਟਨ
ਸਰਬਜੀਤ ਗਿੱਲ
ਫਿਲੌਰ, 25 ਜੁਲਾਈ
ਮਾਲ, ਮੁੜ ਵਸੇਬਾ ਤੇ ਆਫਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਪੰਡਤ ਸ਼ਰਧਾ ਰਾਮ ਫਿਲੌਰੀ ਦੀ ਯਾਦ ਵਿੱਚ ਇਥੇ ਬਣਾਏ ਸਮਾਰਕ ਵਿੱਚ ਉਨ੍ਹਾਂ ਦੇ ਬੁੱਤ ਦਾ ਉਦਘਾਟਨ ਕੀਤਾ। ਇਹ ਬੁੱਤ ਸਥਾਨਕ ਸਕੂਲ ਆਫ ਐਮੀਨੈਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਸਥਾਪਤ ਕੀਤਾ ਗਿਆ ਹੈ। ਪੰਡਤ ਸ਼ਰਧਾ ਰਾਮ ਫਿਲੌਰੀ ਪ੍ਰਸਿੱਧ ਲੇਖਕ ਅਤੇ ਦੁਨੀਆਂ ਭਰ ਵਿਚ ਮਕਬੂਲ ਆਰਤੀ ‘ਓਮ ਜੈ ਜਗਦੀਸ਼ ਹਰੇ’ ਦੇ ਰਚੇਤਾ ਸਨ। ਉਨ੍ਹਾਂ ਦਾ ਜਨਮ ਸਥਾਨਕ ਸ਼ਹਿਰ ’ਚ 30 ਸਤੰਬਰ 1837 ਨੂੰ ਹੋਇਆ ਸੀ। ਇਸ ਮੌਕੇ ਸ੍ਰੀ ਜਿੰਪਾ ਨੇ ਕਿਹਾ ਕਿ ਪੰਜਾਬ ਦੀ ਇਸ ਮਹਾਂ ਵਿਦਵਾਨ ਸ਼ਖਸੀਅਤ ਪੰਡਤ ਸ਼ਰਧਾ ਰਾਮ ਫਿਲੌਰੀ ਨੇ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਵਿੱਚ ਸਾਹਿਤਕ ਰਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਹਾਨ ਸ਼ਖਸੀਅਤ ਦੀ ਯਾਦਗਾਰ ਸਕੂਲ ਵਿਚ ਬਣਾਉਣਾ ਚੰਗੀ ਪ੍ਰਥਾ ਹੈ ਕਿਉਂ ਕਿ ਇਸ ਨਾਲ ਵਿਦਿਆਰਥੀ ਰੋਜ਼ ਇਸ ਮਹਾਨ ਸਖਸ਼ੀਅਤ ਦੇ ਦਰਸ਼ਨ ਕਰਕੇ ਪ੍ਰੇਰਣਾ ਲੈ ਸਕਣਗੇ। ਇਸ ਮੌਕੇ ਉਨ੍ਹਾਂ ਸਕੂਲ ਵਿਚ ਇਕ ਬੂਟਾ ਵੀ ਲਗਾਇਆ।