ਵਿਧਾਇਕ ਵੱਲੋਂ ਡਿਸਪੈਂਸਰੀ ਦੀ ਨਵੀਂ ਇਮਾਰਤ ਦਾ ਉਦਘਾਟਨ
ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 13 ਜੁਲਾਈ
ਇੱਥੋਂ ਨੇੜਲੇ ਪਿੰਡ ਕੁਲਾਹੜ ਵਿੱਚ ਪਿੰਡ ਵਾਸੀਆਂ ਅਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਸਰਕਾਰੀ ਡਿਸਪੈਂਸਰੀ ਦੀ ਨਵੀਂ ਇਮਾਰਤ ਬਣਾ ਕੇ ਲੋੜਵੰਦਾਂ ਲਈ ਮੁਫ਼ਤ ਮੈਡੀਕਲ ਚੈੱਕ ਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਹਲਕਾ ਪਾਇਲ ਤੋਂ ਵਿਧਾਇਕ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਡਿਸਪੈਂਸਰੀ ਅਤੇ ਮੈਡੀਕਲ ਚੈੱਕਅਪ ਕੈਂਪ ਦਾ ਉਦਘਾਟਨ ਕੀਤਾ। ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਸਰਕਾਰੀ ਡਿਸਪੈਂਸਰੀ ਦੀ ਇਮਾਰਤ ਬਿਲਕੁਲ ਖਸਤਾ ਹੋ ਚੁੱਕੀ ਸੀ ਜਿਸ ਨੂੰ ਪਿੰਡ ਵਾਸੀਆਂ ਅਤੇ ਪਿੰਡ ਦੇ ਹੀ ਪਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਪੁਰਾਣੀ ਇਮਾਰਤ ਨੂੰ ਢਾਹ ਕੇ ਨਵੀਂ ਇਮਾਰਤ ਉਸਾਰੀ ਗਈ ਹੈ ਤੇ ਸੁੰਦਰ ਪਾਰਕ ਵੀ ਬਣਾਇਆ ਗਿਆ ਹੈ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਪਿੰਡ ਵਾਸੀਆਂ ਅਤੇ ਅਤੇ ਪਰਵਾਸੀ ਪੰਜਾਬੀਆਂ ਦਾ ਇਹ ਕਦਮ ਸ਼ਲਾਘਾਯੋਗ ਹੈ। ਪੰਜਾਬ ਵਿੱਚ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਇੰਦਰਜੀਤ ਸਿੰਘ, ਖੜਕ ਸਿੰਘ, ਜਗਦੀਪ ਸਿੰਘ, ਮਨਜਿੰਦਰ ਸਿੰਘ ,ਜਗਦੇਵ ਸਿੰਘ, ਨਿਰਭੈ ਸਿੰਘ ਸੋਹਣ ਸਿੰਘ, ਗੁਰਮੇਲ ਸਿੰਘ ਨੰਬਰਦਾਰ,ਕੇਵਲ ਸਿੰਘ ਅਤੇ ਸੁੱਚਾ ਸਿੰਘ ਹਾਜ਼ਰ ਸਨ।