ਸਰਕਾਰੀ ਡਿਸਪੈਂਸਰੀ ਦੀ ਨਵੀਂ ਇਮਾਰਤ ਦਾ ਉਦਘਾਟਨ
ਪੱਤਰ ਪ੍ਰੇਰਕ
ਜਲੰਧਰ, 15 ਜੁਲਾਈ
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਸੁਲਤਾਨਪੁਰ ਲੋਧੀ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਤੋਹਫ਼ਾ ਦਿੰਦਿਆਂ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਦੀ ਨਵੀਨੀਕਰਨ ਕੀਤੀ ਇਮਾਰਤ ਦਾ ਉਦਘਾਟਨ ਕੀਤਾ। ਇਹ ਡਿਸਪੈਂਸਰੀ ਇੱਥੇ 1970 ਤੋਂ ਵੀ ਪਹਿਲਾਂ ਤੋਂ ਚੱਲ ਰਹੀ ਹੈ। ਇਸ ਦੀ ਇਮਾਰਤ ਖਸਤਾ ਹਾਲਤ ਵਿੱਚ ਸੀ। ਰਾਜ ਸਭਾ ਮੈਂਬਰ ਸ੍ਰੀ ਸੀਚੇਵਾਲ ਦਾ ਧੰਨਵਾਦ ਕਰਦਿਆਂ ਡਿਸਪੈਂਸਰੀ ਦੇ ਡਾ. ਤਰਲੋਚਨ ਸਿੰਘ ਨੇ ਕਿਹਾ ਕਿ ਇਮਾਰਤ ਏਨੀ ਜ਼ਿਆਦਾ ਖਸਤਾ ਹਾਲਤ ਵਿਚ ਵੀ ਕਿ ਇਹ ਕਿਸੇ ਵੀ ਸਮੇਂ ਡਿੱਗ ਸਕਦੀ ਸੀ। ਇਲਾਕਾ ਵਾਸੀਆਂ ਨੇ ਕਿਹਾ ਕਿ ਲਗਪਗ 70 ਸਾਲਾਂ ਤੋਂ ਵੱਧ ਸਮਾਂ ਪੁਰਾਣੀ ਡਿਸਪੈਂਸਰੀ ਦੀ ਖਸਤਾ ਹਾਲ ਇਮਾਰਤ ਵਿੱਚ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸੀਚੇਵਾਲ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਹਿਲ ਦੇ ਆਧਾਰ ’ਤੇ ਡਿਸਪੈਂਸਰੀ ਦੇ ਨਵੀਨੀਕਰਨ ਲਈ 7 ਲੱਖ 50 ਹਜ਼ਾਰ ਰੁਪਏ ਜਾਰੀ ਕਰਨ ਦੇ ਨਾਲ-ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦੇ ਹੋਏ ਆਯੁਰਵੈਦਿਕ ਡਿਸਪੈਂਸਰੀ ਦੀ ਹਾਲਤ ਨੂੰ ਸੁਧਾਰਨ ਵਾਸਤੇ ਕਿਹਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਸ਼ਿਖਾ ਭਗਤ, ਐੱਸਡੀਐੱਮ ਜਸਪ੍ਰੀਤ ਸਿੰਘ, ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਜਗਜੀਤ ਸਿੰਘ ਬਿੱਟੂ, ਕਪੂਰਥਲਾ ਤੋਂ ‘ਆਪ’ ਦੇ ਬਲਾਕ ਪ੍ਰਧਾਨ ਕਰਨੈਲ ਸਿੰਘ, ਵਾਤਾਵਰਨ ਬਚਾਓ ਮੰਚ ਦੇ ਆਗੂ ਕੁਲਬੀਰ ਸਿੰਘ ਬਲਣੀ, ਅਕਾਸ਼ਦੀਪ ਸਿੰਘ ਆਦਿ ਹਾਜ਼ਰ ਸਨ।
ਬੂਟੇ ਲਾਉਣ ਦੀ ਮੁਹਿੰਮ ਸ਼ੁਰੂ
ਲੋਕ ਨਿਰਮਾਣ ਵਿਭਾਗ ਕਪੂਰਥਲਾ ਵੱਲੋਂ ਸਰਕਟ ਹਾਊਸ ਸੁਲਤਾਨਪੁਰ ਲੋਧੀ ਵਿੱਚ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤੇ ਵਿਭਾਗ ਵੱਲੋਂ ਇਹ ਬੂਟੇ ਲਾਏ ਜਾਣੇ ਹਨ। ਇਸ ਦੀ ਸ਼ੁਰੂਆਤ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ, ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਸ਼ਿਖਾ ਭਗਤ ਅਤੇ ਐੱਸਡੀਐੱਮ ਜਸਪ੍ਰੀਤ ਸਿੰਘ ਵੱਲੋਂ ਕੀਤੀ ਗਈ।