ਨਿਊ ਜਰਸੀ ਰਾਜ ਵਿਚ ਅਮਰੀਕਾ ਦੇ ਸਭ ਤੋਂ ਵੱਡੇ ਮੰਦਰ ਦਾ ਉਦਘਾਟਨ
ਰੌਬਨਿਜ਼ਵਿਲੇ: ਨਿਊ ਜਰਸੀ ਸੂਬੇ ’ਚ ਅਮਰੀਕਾ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਦਾ ਉਦਘਾਟਨ ਕੀਤਾ ਗਿਆ ਹੈ। ਬੀਏਪੀਐੱਸ ਸਵਾਮੀਨਾਰਾਇਣ ਅਕਸ਼ਰਧਾਮ ਮੰਦਰ 185 ਏਕੜ ਵਿਚ ਫੈਲਿਆ ਹੋਇਆ ਹੈ। ਮੰਦਰ ਦੇ ਉਦਘਾਟਨ ਸਬੰਧੀ ਸਮਾਗਮ 30 ਸਤੰਬਰ ਨੂੰ ਸ਼ੁਰੂ ਹੋ ਗਏ ਸਨ ਜੋ ਕਿ ਨੌਂ ਦਿਨਾਂ ਤੱਕ ਚੱਲੇ ਹਨ। ਰੌਬਨਿਜ਼ਵਿਲੇ ਵਿਚ ਅਕਸ਼ਰਧਾਮ ਮੰਦਰ ਦਾ ਉਦਘਾਟਨੀ ਸਮਾਰੋਹ ਐਤਵਾਰ ਨੂੰ ਮਹੰਤ ਸਵਾਮੀ ਮਹਾਰਾਜ ਦੀ ਮੌਜੂਦਗੀ ਵਿਚ ਹੋਇਆ। ਇਸ ਰਵਾਇਤੀ ਸਮਾਰੋਹ ਦੌਰਾਨ ਕਈ ਰਸਮਾਂ ਕੀਤੀਆਂ ਗਈਆਂ। ਭਗਵਾਨ ਸਵਾਮੀਨਾਰਾਇਣ ਨੂੰ ਸਮਰਪਿਤ ਮੰਦਰ ਦੀ ਉਸਾਰੀ ਸੰਨ 2011 ਵਿਚ ਸ਼ੁਰੂ ਹੋਈ ਸੀ ਤੇ ਇਸੇ ਸਾਲ ਪੂਰੀ ਹੋਈ ਹੈ। ਮੰਦਰ ਦੇ ਨਿਰਮਾਣ ਕਾਰਜਾਂ ਵਿਚ ਪੂਰੇ ਸੰਸਾਰ ਤੋਂ 12,500 ਵਾਲੰਟੀਅਰਾਂ ਨੇ ਹਿੱਸਾ ਲਿਆ। ਵਾਲੰਟੀਅਰ ਲੈਨਨਿ ਜੋਸ਼ੀ ਨੇ ਦੱਸਿਆ ਕਿ ਮੰਦਰ ਦੀ ਉਸਾਰੀ ਵਿਚ 19 ਲੱਖ ਕਿਊਬਿਕ ਫੁੱਟ ਪੱਥਰ ਵਰਤਿਆ ਗਿਆ ਹੈ। ਇਹ ਪੱਥਰ ਦੁਨੀਆ ਭਰ ਦੀਆਂ 29 ਵੱਖ-ਵੱਖ ਥਾਵਾਂ ਤੋਂ ਮੰਗਵਾਇਆ ਗਿਆ ਸੀ। ਵੇਰਵਿਆਂ ਮੁਤਾਬਕ ਮੰਦਰ ਦੀ ਉਸਾਰੀ ਲਈ ਭਾਰਤ ਤੋਂ ਗ੍ਰੇਨਾਈਟ, ਰਾਜਸਥਾਨ ਤੋਂ ਸੈਂਡਸਟੋਨ, ਮਿਆਂਮਾਰ ਤੋਂ ਸਾਗਵਾਨ ਦੀ ਲੱਕੜ, ਗਰੀਸ, ਤੁਰਕੀ ਤੇ ਇਟਲੀ ਤੋਂ ਮਾਰਬਲ ਅਤੇ ਬੁਲਗਾਰੀਆ ਤੇ ਤੁਰਕੀ ਤੋਂ ਲਾਈਮਸਟੋਨ (ਚੂਨਾ ਪੱਥਰ) ਮੰਗਵਾਇਆ ਗਿਆ ਹੈ। -ਪੀਟੀਆਈ