ਦੱਖਣੀ ਏਸ਼ੀਆ ਦੀ ਪਹਿਲੀ ਮਹਿਲਾ ਹੈਂਡਬਾਲ ਲੀਗ ਦਾ ਉਦਘਾਟਨ
ਨਵੀਂ ਦਿੱਲੀ, 6 ਫਰਵਰੀ
ਇੱਥੇ ਅੱਜ ਦੱਖਣੀ ਏਸ਼ੀਆ ਦੀ ਪਹਿਲੀ ਪੇਸ਼ੇਵਰ ਮਹਿਲਾ ਹੈਂਡਬਾਲ ਲੀਗ (ਡਬਲਿਊਐੱਚਐੱਲ) ਦਾ ਉਦਘਾਟਨ ਹੋਇਆ ਜਿਸ ਵਿੱਚ ਛੇ ਟੀਮਾਂ ਹਿੱਸਾ ਲੈਣਗੀਆਂ। ਇਸ ਵਿੱਚ ਭਾਰਤ ਤੋਂ ਇਲਾਵਾ ਏਸ਼ੀਆ, ਯੂਰਪ ਅਤੇ ਅਫਰੀਕਾ ਦੀਆਂ ਸਟਾਰ ਖਿਡਾਰਨਾਂ ਜੌਹਰ ਦਿਖਾਉਣਗੀਆਂ। ਇਸ ਦੌਰਾਨ ਲੀਗ ਦਾ ਲੋਗੋ ਵੀ ਲਾਂਚ ਕੀਤਾ ਗਿਆ। ਇਹ ਲੀਗ ਸਾਊਥ ਏਸ਼ੀਅਨ ਹੈਂਡਬਾਲ ਫੈਡਰੇਸ਼ਨ ਅਤੇ ਏਸ਼ੀਅਨ ਹੈਂਡਬਾਲ ਫੈਡਰੇਸ਼ਨ ਦੀ ਅਗਵਾਈ ਹੇਠ ਭਾਰਤੀ ਹੈਂਡਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ। ਪਵਨ ਸਪੋਰਟਸ ਵੈਂਚਰ ਇਸ ਲੀਗ ਦਾ ਪ੍ਰਮੋਟਰ ਹੈ। ਇਸ ਦੀ ਕਾਰਜਕਾਰੀ ਨਿਰਦੇਸ਼ਕ ਪ੍ਰਿਆ ਜੈਨ ਨੇ ਕਿਹਾ, “ਲੀਗ ਵਿੱਚ ਛੇ ਟੀਮਾਂ ਹਿੱਸਾ ਲੈਣਗੀਆਂ। ਇਹ ਲੀਗ ਭਾਰਤੀ ਖਿਡਾਰਨਾਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਅਸੀਂ ਜਨਵਰੀ 2025 ਤੱਕ ਲੀਗ ਸ਼ੁਰੂ ਕਰਨ ਦਾ ਟੀਚਾ ਰੱਖਿਆ ਹੈ।’’ ਇੰਡੀਅਨ ਹੈਂਡਬਾਲ ਐਸੋਸੀਏਸ਼ਨ ਦੇ ਲੀਗ ਚੇਅਰਮੈਨ ਅਤੇ ਸਾਊਥ ਏਸ਼ੀਅਨ ਹੈਂਡਬਾਲ ਫੈਡਰੇਸ਼ਨ ਦੇ ਜਨਰਲ ਸਕੱਤਰ ਆਨੰਦੇਸ਼ਵਰ ਪਾਂਡੇ ਨੇ ਕਿਹਾ ਕਿ ਇਸ ਲੀਗ ਦੇ ਸ਼ੁਰੂ ਹੋਣ ਨਾਲ ਖਿਡਾਰਨਾਂ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਸ ਸਮੇਂ ਤਿੰਨ ਲੱਖ ਤੋਂ ਵੱਧ ਲੜਕੀਆਂ ਹੈਂਡਬਾਲ ਖੇਡ ਰਹੀਆਂ ਹਨ ਅਤੇ ਇਹ ਲੀਗ ਉਨ੍ਹਾਂ ਨੂੰ ਮੰਚ ਦੇਵੇਗੀ। -ਪੀਟੀਆਈ