ਮੋਗਾ ਵਿੱਚ ਹੁਨਰਮੰਦ ਕਿਸਾਨ ਸਿਖਲਾਈ ਕੇਂਦਰ ਦਾ ਉਦਘਾਟਨ
ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਸਤੰਬਰ
ਖੇਤੀ ਵਿਗਿਆਨੀ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾੜ ਅੱਜ ਬਤੌਰ ਡਿਪਟੀ ਡਾਇਰੈਕਟਰ ਸੇਵਾ ਮੁਕਤ ਹੋ ਗਏ ਹਨ। ਡਾ. ਬਰਾੜ ਨੇ ਸੇਵਾਮੁਕਤੀ ਨੂੰ ਯਾਦਗਰ ਬਣਾਉਂਦੇ ਨਿੱਜੀ ਖਰਚ ਕਰਕੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਨਾਲ ਜੋੜਨ ਲਈ ਹੁਨਰਮੰਦ ਕਿਸਾਨ ਸਿਖਲਾਈ ਕੇਂਦਰ ਵਿਭਾਗ ਨੂੰ ਤੋਹਫੇ ਦੇ ਰੂਪ ਵਿਚ ਦੇ ਗਏ ਹਨ। ਇਸ ਕੇਂਦਰ ਦਾ ਉਦਘਾਟਨ ਵੀ ਡਾ. ਬਰਾੜ ਨੇ ਕੀਤਾ।
ਇਸ ਮੌਕੇ ਡੀਸੀ ਵਿਸ਼ੇਸ਼ ਸਾਰੰਗਲ ਨੇ ਡਾ. ਬਰਾੜ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਕਾਮਨਾ ਕਰਦਿਆਂ ਦੂਜੇ ਅਧਿਕਾਰੀਆਂ ਨੂੰ ਉਨ੍ਹਾਂ ਦੀ 35 ਸਾਲ ਬੇਦਾਗ ਸ਼ਾਨਦਾਰਾਂ ਸੇਵਾਵਾਂ ਤੋਂ ਸੇਧ ਲੈਣ ਲਈ ਪੇਰਿਤ ਕੀਤਾ। ਇਸ ਮੌਕੇ ਡਾ. ਸੁਖਰਾਜ ਕੌਰ ਦਿਓਲ, ਡਾ. ਅਮਰਜੀਤ ਸਿੰਘ, ਡਾ. ਜਗਦੀਪ ਸਿੰਘ, ਵਾਤਾਵਰਨ ਪ੍ਰੇਮੀ ਡਾ. ਬਲਵਿੰਦਰ ਸਿੰਘ ਲੱਖੇਵਾਲੀ ਪ੍ਰਾਜੈਕਟ ਡਾਇਰੈਕਟਰ ਆਤਮਾ, ਡਾ. ਤਪਤੇਜ ਸਿੰਘ ਡੀਪੀਡੀ ਨੇ ਕਿਹ ਕਿ ਡਾ. ਬਰਾੜ ਨੇ ਵਿਭਾਗ ਤੇ ਕਿਸਾਨਾਂ ਦੀ ਸੇਵਾ ਲਗਨ, ਮਿਹਨਤ, ਦ੍ਰਿੜ੍ਹਤਾ ਅਤੇ ਇਮਾਨਦਾਰੀ ਨਾਲ ਕੀਤੀ ਹੈ। ਡਾ. ਬਰਾੜ ਨੇ ਕਿਸਾਨਾਂ ਤੇ ਸਟਾਫ਼ ਵੱਲੋਂ ਸਹਿਯੋਗ ਦਾ ਜ਼ਿਕਰ ਕਰਦੇ ਕਿਹਾ ਕਿ ਉਹ ਭਵਿੱਖ ਵਿਚ ਵੀ ਕਿਸਾਨਾਂ ਤੇ ਵਿਭਾਗ ਨਾਲ ਜੁੜੇ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਕੇਂਦਰ ਕਿਸਾਨਾਂ ਨੂੰ ਖੇਤੀਬਾੜੀ ਆਧੁਨਿਕ ਤਕਨੀਕਾਂ ਸਬੰਧੀ ਟ੍ਰੇਨਿੰਗ ਨਾਲ ਜਿਥੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ, ਉੱਥੇ ਖੇਤੀ ਇਨਪੁਟਸ ਦੇ ਧੰਦੇ ਨੂੰ ਅਪਨਾਉਣ ਵਾਲੇ ਬੇਰੁਜ਼ਗਾਰ ਨੋਜਵਾਨ ਇਥੋਂ ਟ੍ਰੇਨਿੰਗ ਪ੍ਰਾਪਤ ਕਰਕੇ ਆਪਣਾ ਰੁਜ਼ਗਾਰ ਚਲਾ ਸਕਣਗੇ ਅਤੇ ਉਨ੍ਹਾਂ ਲਈ ਵਰਦਾਨ ਸਾਬਤ ਹੋਵੇਗਾ। ਇਸ ਮੌਕੇ ਰਾਜਿੰਦਰਪਾਲ ਸਿੰਘ ਸੁਪਰਡੈਟ, ਮਾਣਕ ਸਿੰਘ ਖੋਸਾ ਸਟੈਨੋਗ੍ਰਾਫ਼ਰ, ਵਿਕਾਸ਼ ਸ਼ਰਮਾ, ਪਰਦੀਪ ਕੁਮਾਰ, ਸ੍ਰੀਮਤੀ ਮਨਦੀਪ ਕੌਰ ਖੇਤੀਬਾੜੀ ਸਬ ਇੰਸਪੈਕਟਰ ਤੇ ਦਫ਼ਤਰੀ ਸਟਾਫ਼ ਹਾਜ਼ਰ ਸੀ।