ਬਾਬਾ ਫਰੀਦ ’ਵਰਸਿਟੀ ਵਿੱਚ ਹੁਨਰ ਵਿਕਾਸ ਹੱਬ ਅਤੇ ਸਪੋਕ ਮਾਡਲ ਦਾ ਉਦਘਾਟਨ
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 27 ਜੁਲਾਈ
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਨੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਸਡੀਸੀ) ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਹੁਨਰ ਵਿਕਾਸ ਦੇ ਹੱਬ ਅਤੇ ਸਪੋਕ ਮਾਡਲ ਲਾਂਚ ਕੀਤਾ ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਦੱਸਿਆ ਕਿ ਹੁਨਰ ਵਿਕਾਸ ਹੱਬ ਅਤੇ ਸਪੋਕ ਮਾਡਲ ਹੁਨਰ ਵਿਕਾਸ ਲਈ ਇੱਕ ਅਤਿ-ਆਧੁਨਿਕ ਨੈਟਵਰਕ ਵਜੋਂ ਕੰਮ ਕਰੇਗਾ, ਇੱਕ ਤਾਲਮੇਲ ਪ੍ਰਣਾਲੀ ਦੇ ਅਧੀਨ ਕਈ ਸੰਸਥਾਵਾਂ ਨੂੰ ਇਕੱਠਾ ਕਰੇਗਾ। ਉਨ੍ਹਾਂ ਦੱਸਿਆ ਕਿ ਇੰਟਰਨੈਸ਼ਨਲ ਸਕਿੱਲ ਸੈਂਟਰ ਅੰਤਰਰਾਸ਼ਟਰੀ ਹੁਨਰ ਵਿਕਾਸ ਵਿੱਚ ਉੱਤਮਤਾ ਦਾ ਇੱਕ ਚਾਨਣ ਮੁਨਾਰਾ ਹੋਵੇਗਾ, ਜੋ ਸਾਨੂੰ ਦੁਨੀਆ ਭਰ ਦੇ ਪ੍ਰਮੁੱਖ ਦੇਸ਼ਾਂ ਨਾਲ ਜੋੜੇਗਾ ਅਤੇ ਗਲੋਬਲ ਸਹਿਯੋਗ ਲਈ ਨਵੇਂ ਰਾਹ ਖੋਲ੍ਹੇਗਾ। ਇਸ ਤੋਂ ਇਲਾਵਾ ਸਿਹਤ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਐਂਬੂਲੈਂਸ ਦਾ ਉਦਘਾਟਨ ਵੀ ਕੀਤਾ ਗਿਆ ਜੋ ਕੋਟਕ ਮਹਿੰਦਰਾ ਬੈਂਕ ਦੁਆਰਾ ਦਾਨ ਕੀਤੀ ਗਈ ਹੈ। ਇਸ ਦੌਰਾਨ ਯੂਰੋਲੋਜੀ ਵਿਭਾਗ ਅਤੇ ਡਾਇਲਸਿਸ ਯੂਨਿਟਾਂ ਦਾ ਉਦਘਾਟਨ ਅਤੇ ਰੋਬੋਟਿਕਸ ਅਤੇ ਰੇਨਲ ਟ੍ਰਾਂਸਪਲਾਂਟ ਦੀ ਨੀਂਹ ਪੱਥਰ ਵੀ ਰੱਖਿਆ ਗਿਆ ਜਿਸ ਵਿੱਚ ਡਾਇਲਸਿਸ ਮਸ਼ੀਨਾਂ ਦੇ 10 ਯੂਨਿਟ ਲਾਏ ਗਏ ਹਨ। ਸਮਾਗਮ ਵਿੱਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਡਾ. ਸੰਦੀਪ ਸਿੰਘ ਕੌੜਾ ਅਤੇ ਐੱਨਐੱਸਡੀਸੀਆਈ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ, ਭਾਰਤ ਸਰਕਾਰ, ਸੰਜੇ ਮਾਲਵੀਆ ਨੇ ਵੀ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੰਤਰਰਾਸ਼ਟਰੀ ਹੁਨਰ ਕੇਂਦਰ ਅਤੇ ਰਾਜ ਹੱਬ ਵਜੋਂ ਬਾਬਾ ਫਰੀਦ ਯੂਨੀਵਰਸਿਟੀ ਦੀ ਤਾਲਮੇਲ ਅਤੇ ਮੇਜ਼ਬਾਨੀ ਦੀ ਭੂਮਿਕਾ ਨਿਭਾਵੇਗੀ।