ਆਤਿਸ਼ੀ ਵੱਲੋਂ ਰੋਹਿਣੀ ਵਿੱਚ ਸ਼ੂਟਿੰਗ ਰੇਂਜ ਦਾ ਉਦਘਾਟਨ
ਨਵੀਂ ਦਿੱਲੀ, 26 ਨਵੰਬਰ
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਦਿੱਲੀ ਦੇ ਰੋਹਿਣੀ ਵਿੱਚ ਨੈਸ਼ਨਲ ਕੈਡੇਟ ਕੋਰ ਭਵਨ ਵਿੱਚ ਇੱਕ ਅੰਡਰਗਰਾਊਂਡ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ, ਜਿਸ ਨਾਲ ਸ਼ਹਿਰ ਦੇ ਕੈਡਿਟਾਂ ਨੂੰ ਆਧੁਨਿਕ ਸਿਖਲਾਈ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਆਤਿਸ਼ੀ ਨੇ ਕਿਹਾ ਕਿ ਇਹ ਸ਼ੂਟਿੰਗ ਰੇਂਜ ਅਤਿ-ਆਧੁਨਿਕ ਸਹੂਲਤਾਂ ਅਤੇ ਉਪਕਰਨਾਂ ਨਾਲ ਲੈਸ ਹੋਵੇਗੀ ਅਤੇ ਇਹ ਸਾਰਾ ਸਾਲ 24 ਘੰਟੇ ਕੰਮ ਕਰੇਗੀ।
ਉਨ੍ਹਾਂ ਕਿਹਾ ਕਿ ਇਹ ਸਹੂਲਤ ਕੈਡਿਟਾਂ ਨੂੰ ਅਭਿਆਸ ਕਰਨ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਦੇ ਕਈ ਮੌਕੇ ਪ੍ਰਦਾਨ ਕਰੇਗੀ। ਮੁੱਖ ਮੰਤਰੀ ਨੇ ਮਨੂ ਭਾਕਰ ਵਰਗੇ ਓਲੰਪੀਅਨਾਂ ਦਾ ਜ਼ਿਕਰ ਕਰਦਿਆਂ ਕਿਹਾ, “ਮੈਨੂੰ ਉਮੀਦ ਹੈ ਕਿ ਅਗਲਾ ਓਲੰਪਿਕ ਤਮਗਾ ਸਾਡੇ ਨੈਸ਼ਨਲ ਕੈਡੇਟ ਕੋਰ (ਐੱਨਸੀਸੀ) ਦੇ ਕੈਡਿਟਾਂ ਵਿੱਚੋਂ ਕੋਈ ਜਿੱਤੇਗਾ।’’ ਉਨ੍ਹਾਂ ਕਿਹਾ ਖੇਡਾਂ ਦੀ ਸਿਖਲਾਈ ਅਕਸਰ ਬਹੁਤ ਮਹਿੰਗੀ ਹੁੰਦੀ ਹੈ ਅਤੇ ਬਹੁਤੇ ਪ੍ਰਤਿਭਾਸ਼ਾਲੀ ਨੌਜਵਾਨ ਅਜਿਹੇ ਹਨ, ਜਿਨ੍ਹਾਂ ਦੇ ਮਾਪੇ ਪੇਸ਼ੇਵਰ ਸਿਖਲਾਈ ਦਾ ਖਰਚਾ ਨਹੀਂ ਚੁੱਕ ਸਕਦੇ। ਆਤਿਸ਼ੀ ਨੇ ਕਿਹਾ ਕਿ ਇਹ ਸਹੂਲਤ ਦਿੱਲੀ ਦੇ ਖਿਡਾਰੀਆਂ, ਖਾਸ ਤੌਰ ’ਤੇ ਆਰਥਿਕ ਪੱਖੋਂ ਕਮਜ਼ੋਰ ਖਿਡਾਰੀਆਂ ਨੂੰ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ ਮਿਆਰੀ ਸਿਖਲਾਈ ਪ੍ਰਾਪਤ ਕਰਨ ਦੇ ਯੋਗ ਕਰੇਗੀ। -ਪੀਟੀਆਈ