ਬਠਿੰਡਾ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ’ ਦਾ ਉਦਘਾਟਨ
ਸ਼ਗਨ ਕਟਾਰੀਆ
ਬਠਿੰਡਾ, 10 ਅਕਤੂਬਰ
ਇੱਥੇ ਰਿੰਗ ਰੋਡ-1 ਨੇੜੇ ਥਾਣਾ ਕੈਂਟ ਵਿੱਚ 78 ਲੱਖ ਦੀ ਲਾਗਤ ਨਾਲ ਕਰੀਬ ਇਕ ਕਿਲੋਮੀਟਰ ਲੰਮੀ ਬਣੀ ਸ਼ਹੀਦ ‘ਕਰਤਾਰ ਸਿੰਘ ਸਰਾਭਾ ਸੈਰਗਾਹ’ ਦਾ ਰਸਮੀ ਉਦਘਾਟਨ ਹਲਕਾ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਇਕ ਇੱਕ ਸ਼ਾਨਦਾਰ ਸਮਾਗਮ ਦੌਰਾਨ ਕੀਤਾ। ਇਹ ਸਮਾਗਮ ਇੰਪੂਰਵਮੈਂਟ ਟਰਸਟ ਬਠਿੰਡਾ ਵੱਲੋਂ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦੀ ਦੇਖ-ਰੇਖ ਵਿੱਚ ਹੋਇਆ ਕਿਉਂਕਿ ਇਹ ਪ੍ਰਾਜੈਕਟ ਉਨ੍ਹਾਂ ਦਾ ਸੁਪਨਮਈ ਪ੍ਰਾਜੈਕਟ ਸੀ। ਸ੍ਰੀ ਗਿੱਲ ਨੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਤੋਂ ਇਲਾਵਾ ਸੂਬੇ ਦੀ ਤਰੱਕੀ ਲਈ ਵਿਲੱਖਣ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵਾਅਦਾ ਕੀਤਾ ਕਿ ਬਠਿੰਡਾ ਸ਼ਹਿਰ ਦੇ ਵਿਕਾਸ ਅਤੇ ਲੋਕ ਹਿੱਤਾਂ ਲਈ ਉਹ ਜੀਅ ਜਾਨ ਨਾਲ ਕੰਮ ਕਰਦੇ ਰਹਿਣਗੇ ਅਤੇ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਇਸ ਸੈਰਗਾਹ ਨੂੰ ਇਕ ਕਿਲੋਮੀਟਰ ਤੋਂ ਹੋਰ ਅੱਗੇ ਢਾਈ ਕਿਲੋਮੀਟਰ ਤੱਕ ਲੰਮਾ ਕੀਤਾ ਜਾਵੇਗਾ ਅਤੇ ਸ਼ਹਿਰ ਵਾਸੀਆਂ ਦੀ ਮੰਗ ਅਨੁਸਾਰ ਇਸ ਤਰ੍ਹਾਂ ਦੀਆਂ ਹੋਰ ਵੀ ਸੈਰਗਾਹਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਸਮਾਗਮ ਨੂੰ ਪੰਜਾਬ ਜੰਗਲਾਤ ਵਿਭਾਗ ਦੇ ਚੇਅਰਮੈਨ ਰਾਕੇਸ਼ ਪੁਰੀ, ਐਸਸੀ ਕਾਰਪੋਰੇਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਗੁਰਜੰਟ ਸਿਵੀਆਂ ਅਤੇ ਨੌਜਵਾਨ ਆਗੂ ਅਮਰਦੀਪ ਰਾਜਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਇਸ ਸੈਰਗਾਹ ਵਾਲੇ ਸਥਾਨ ’ਤੇ ‘ਸਾਡਾ ਬਠਿੰਡਾ, ਸਾਡਾ ਮਾਣ’ ਸੈਲਫ਼ੀ ਪੁਆਇੰਟ ਵੀ ਬਣਾਇਆ ਗਿਆ ਹੈ, ਜੋ ਕਿ ਵਾਤਾਵਰਨ ਪ੍ਰੇਮੀਆ ਲਈ ਖਿੱਚ ਦਾ ਕੇਂਦਰ ਰਹੇਗਾ। ਇਸ ਮੌਕੇ ਜ਼ਿਲ੍ਹੇ ਦੇ ਸੀਨੀਅਰ ਪੁਲੀਸ ਕਪਤਾਨ ਮੈਡਮ ਅਮਨੀਤ ਕੌਂਡਲ, ਚੇਅਰਮੈਨ ਸ਼ੂਗਰਫ਼ੈੱਡ ਪੰਜਾਬ ਐਡਵੋਕੇਟ ਨਵਦੀਪ ਸਿੰਘ ਜੀਦਾ, ਚੈਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅੰਮ੍ਰਿਤ ਲਾਲ ਅਗਰਵਾਲ, ਪੰਜਾਬ ਖਾਦੀ ਅਤੇ ਪੇਂਡੂ ਉਦਯੋਗ ਬੋਰਡ ਦੇ ਡਾਇਰੈਕਟਰ ਬੱਲੀ ਬਲਜੀਤ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ, ‘ਆਪ’ ਆਗੂ ਬਲਜਿੰਦਰ ਬਰਾੜ ਤੇ ਹੋਰ ਹਾਜ਼ਰ ਸਨ।
ਬਾਂਸ ਨਾਲ ਕੀਤੀ ਗਈ ਹੈ ਸੈਰਗਾਹ ਦੀ ਚਾਰ-ਦੀਵਾਰੀ: ਭੱਲਾ
ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਟਰਸਟ ਵੱਲੋਂ ਬਣਾਈ ਗਈ ਇਸ ਆਲ੍ਹਾ ਮਿਆਰੀ ਮਨਮੋਹਕ ਸੈਰਗਾਹ ਇਲਾਕਾ ਨਿਵਾਸੀਆਂ ਲਈ ਬਹੁਤ ਹੀ ਸਹਾਈ ਸਿੱਧ ਹੋਵੇਗੀ। ਉਨ੍ਹਾਂ ਖੁਲਾਸਾ ਕੀਤਾ ਕਿ ਇਸ ਸੈਰਗਾਹ ਦੇ ਆਲੇ-ਦੁਆਲੇ ਬਾਂਸ ਦੀ ਚਾਰ-ਦੀਵਾਰੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇੱਥੇ ਮੈਡੀਸਨ ਪਲਾਂਟ ਅਤੇ ਨਿੰਮ ਦੇ ਬੂਟਿਆਂ ਤੋਂ ਇਲਾਵਾ ਤਿਤਲੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਬੂਟੇ ਲਾਏ ਗਏ ਹਨ। ਉਨ੍ਹਾਂ ਇਲਾਕਾ ਵਾਸੀਆਂ ਨੂੰ ਇਸ ਸੈਰਗਾਹ ਦਾ ਆਨੰਦ ਲੈਣ ਲਈ ਦਾਅਵਤ ਵੀ ਦਿੱਤੀ।