ਸ਼ਹੀਦ ਬਾਬੂ ਹਰਨਾਮ ਸਿੰਘ ਲਾਇਬ੍ਰੇਰੀ ਦਾ ਉਦਘਾਟਨ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 5 ਜੂਨ
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਪਿੰਡ ਸਾਹਰੀ ਵਿੱਚ ਸ਼ਹੀਦ ਬਾਬੂ ਹਰਨਾਮ ਸਿੰਘ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇਸ ਮੌਕੇ ਪਿੰਡ ਦੀ ਸਰਪੰਚ ਸੁਖਵਿੰਦਰ ਕੌਰ ਅਤੇ ਜ਼ਿਲ੍ਹਾ ਭਾਸ਼ਾ ਖੋਜ ਅਫ਼ਸਰ ਡਾ. ਜਸਵੰਤ ਰਾਏ ਵੀ ਮੌਜੂਦ ਸਨ। ਡਾ. ਜਸਵੰਤ ਰਾਏ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਗਦਰੀ ਯੋਧੇ ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ ਦੀ ਯਾਦ ਵਿਚ ਇਹ ਲਾਇਬ੍ਰੇਰੀ ਉਸਾਰੀ ਗਈ ਹੈ। ਇਸ ਲਾਇਬ੍ਰੇਰੀ ਦੀ ਰਜਿਸਟ੍ਰੇਸ਼ਨ ਸਾਬਿਤ ਸਭਾ ਦਿੱਲੀ ਨਾਲ ਹੋ ਗਈ ਹੈ। ਉਨ੍ਹਾਂ ਨੇ ਲਾਇਬ੍ਰੇਰੀ ਲਈ ਕਿਤਾਬਾਂ ਦਾ ਸੈੱਟ ਵੀ ਭੇਟ ਕੀਤਾ। ਕਵੀ ਮਦਨ ਵੀਰਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ‘ਚ ਲਾਇਬ੍ਰੇਰੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦ ਦੇ ਨਾਂ ‘ਤੇ ਲਾਇਬ੍ਰੇਰੀ ਖੋਲ੍ਹ ਕੇ ਪਿੰਡ ਵਾਸੀਆਂ ਨੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਦਿਆਂ ਕਿਹਾ ਕਿ ਉਹ ਇਨ੍ਹਾਂ ਦੀ ਮਦਦ ਨਾਲ ਉੱਚ ਅਹੁਦਿਆਂ ‘ਤੇ ਪਹੁੰਚ ਸਕਦੇ ਹਨ। ਇਸ ਦੌਰਾਨ ਉਨ੍ਹਾਂ ਨੇ ਖੇਡਾਂ ਦੇ ਪੜ੍ਹਾਈ ‘ਚ ਪਿੰਡ ਦਾ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਰਵਿੰਦਰ ਸ਼ਰਮਾ, ਅਮਰੀਕ ਸਿੰਘ, ਰੌਸ਼ਨ ਲਾਲ, ਪ੍ਰਸ਼ੋਤਮ ਸਿੰਘ, ਗੁਲਵੰਤ ਸਿੰਘ, ਉਂਕਾਰ ਸਿੰਘ, ਭਾਰਤ ਲਾਲ, ਸੋਹਨ ਸਿੰਘ, ਡਾ. ਗੁਰਪਾਲ ਸਿੰਘ, ਭਜਨ ਦਾਸ, ਰਾਜਬੀਰ ਕੌਰ, ਬਬੀਤਾ ਰਾਣੀ, ਕਿਸ਼ਨ ਕੁਮਾਰ ਆਦਿ ਮੌਜੂਦ ਸਨ।