ਡੀਜੀਪੀ ਵੱਲੋਂ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਸਣੇ ਕਈ ਪ੍ਰਾਜੈਕਟਾਂ ਦਾ ਉਦਘਾਟਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਅਕਤੂਬਰ
ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਲੋਕਾਂ ਅਤੇ ਪੁਲੀਸ ਮੁਲਾਜ਼ਮਾਂ ਦੀ ਸਹੂਲਤ ਲਈ ਮਜ਼ਬੂਤ ਪੁਲੀਸ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਸੰਗਰੂਰ ਜ਼ਿਲ੍ਹੇ ਵਿੱਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਮਨਦੀਪ ਸਿੰਘ ਸਿੱਧੂ ਡੀਆਈਜੀ ਪਟਿਆਲਾ ਰੇਂਜ ਵੀ ਮੌਜੂਦ ਸਨ। ਅਤਿ-ਆਧੁਨਿਕ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਦਾ ਉਦਘਾਟਨ ਕਰਦਿਆਂ ਡੀਜੀਪੀ ਨੇ ਕਿਹਾ ਕਿ ਇਹ ਪੁਲੀਸ ਸਟੇਸ਼ਨ ਆਨਲਾਈਨ ਵਿੱਤੀ ਧੋਖਾਧੜੀ, ਪਛਾਣ ਸਬੰਧੀ ਚੋਰੀ, ਛੇੜਛਾੜ, ਸਾਈਬਰ ਬੁਲਿੰਗ, ਹੈਕਿੰਗ ਅਤੇ ਆਨਲਾਈਨ ਘੁਟਾਲਿਆਂ ਸਣੇ ਸਾਈਬਰ-ਸਬੰਧਤ ਅਪਰਾਧਾਂ ਦੀ ਜਾਂਚ ਅਤੇ ਇਸ ਨਾਲ ਨਜਿੱਠਣ ਲਈ ਸਮਰਪਿਤ ਕੇਂਦਰ ਵਜੋਂ ਕੰਮ ਕਰੇਗਾ। ਇਸ ਪੁਲੀਸ ਸਟੇਸ਼ਨ ਨੂੰ ਨਵੀਨਤਮ ਤਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ ਅਤੇ ਇਸ ਵਿੱਚ ਡਿਜੀਟਲ ਫੋਰੈਂਸਿਕ ਅਤੇ ਸਾਈਬਰ ਕ੍ਰਾਈਮ ਜਾਂਚ ਵਿੱਚ ਮਾਹਿਰ ਉੱਚ ਸਿਖਲਾਈ ਪ੍ਰਾਪਤ ਕਰਮਚਾਰੀ ਸ਼ਾਮਲ ਹਨ। ਉਨ੍ਹਾਂ ਇਥੇ ਤਾਇਨਾਤ ਸਮੂਹ ਪੁਲੀਸ ਮੁਲਾਜ਼ਮਾਂ ਅਤੇ ਸਟਾਫ ਨਾਲ ਗੱਲਬਾਤ ਕੀਤੀ। ਪੁਲੀਸ ਸਟੇਸ਼ਨ ਵਿੱਚ ਐੱਸਐੱਚਓ ਦਾ ਕਮਰਾ, ਦੋ ਜਾਂਚਕਰਤਾਵਾਂ ਦੇ ਕਮਰੇ, ਸੀਸੀਟੀਐੱਨਐੱਸ ਕਮਰਾ ਅਤੇ ਹਵਾਲਾਤ ਸ਼ਾਮਲ ਹੈ। ਇਸ ਤੋਂ ਇਲਾਵਾ, ਡੀਜੀਪੀ ਨੇ ਅੱਪਗ੍ਰੇਡ ਕੀਤੇ ਜ਼ਿਲ੍ਹਾ ਪੁਲੀਸ ਕੰਪਲੈਕਸ ਦਾ ਵੀ ਉਦਘਾਟਨ ਕੀਤਾ। ਇਸ ਦੇ ਨਾਲ ਹੀ ਜਨਤਕ ਕਾਰ ਪਾਰਕਿੰਗ ਲਈ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਉਪਰੰਤ ਡੀਜੀਪੀ ਸੰਗਰੂਰ ਪੁਲੀਸ ਵੱਲੋਂ ਆਯੋਜਿਤ ਕੀਤੇ ‘ਵੱਡਾ ਖਾਣਾ’ ਦੁਪਹਿਰ ਦੇ ਖਾਣੇ ਵਿੱਚ ਸ਼ਾਮਲ ਹੋਏ। ਮਗਰੋਂ ਡੀਜੀਪੀ ਨੇ ਪਟਿਆਲਾ ਰੇਂਜ ਦੇ ਬਿਹਤਰ ਕਾਰਗੁਜ਼ਾਰੀ ਕਰਨ ਵਾਲੇ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਸਨਮਾਨਿਤ ਕੀਤਾ। ਇਸ ਮੌਕੇ ਐੱਸਐੱਸਪੀ ਪਟਿਆਲਾ ਡਾ. ਨਾਨਕ ਸਿੰਘ, ਐੱਸਐੱਸਪੀ ਸੰਗਰੂਰ ਸਰਤਾਜ ਚਾਹਲ, ਐੱਸਐੱਸਪੀ ਬਰਨਾਲਾ ਸੰਦੀਪ ਮਲਿਕ ਅਤੇ ਐੱਸਐੱਸਪੀ ਮਾਲੇਰਕੋਟਲਾ ਗਗਨ ਅਜੀਤ ਸਿੰਘ ਮੌਜੂਦ ਸਨ।
ਸ਼ਿਕਾਇਤਕਰਤਾ ਵੱਲੋਂ ਡੀਜੀਪੀ ਨਾਲ ਮੁਲਾਕਾਤ
ਧੂਰੀ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਅਸ਼ੋਕ ਭੰਡਾਰੀ ਨੇ ਡੀਜੀਪੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਪੁਲੀਸ ਵੱਲੋਂ ਉਸ ਦੇ ਸਾਈਬਰ ਧੋਖਾਧੜੀ ਸਬੰਧੀ ਕੇਸ ਨੂੰ ਹੱਲ ਕਰਨ ਲਈ ਕੀਤੀ ਗਈ ਤੁਰੰਤ ਕਾਰਵਾਈ ਲਈ ਧੰਨਵਾਦ ਕੀਤਾ।