ਮੇਅਰ ਵੱਲੋਂ ਸੈਕਟਰ-22 ਵਿੱਚ ਸੈਂਸਰ ਪਾਰਕ ਦਾ ਉਦਘਾਟਨ
ਮੁਕੇਸ਼ ਕੁਮਾਰ
ਚੰਡੀਗੜ੍ਹ, 26 ਅਕਤੂਬਰ
ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਅੱਜ ਸੈਕਟਰ-22 ਵਿੱਚ ‘ਸੈਂਸਰ ਪਾਰਕ’ ਦਾ ਉਦਘਾਟਨ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੇਅਰ ਨੇ ਕਿਹਾ ਕਿ ਸੈਂਸਰ ਪਾਰਕ ਦਾ ਵਿਚਾਰ ਵਿਅਕਤੀ ਦੀਆਂ ਵੱਖ-ਵੱਖ ਇੰਦਰੀਆਂ ਅਤੇ ਯੋਗਤਾਵਾਂ ਜਿਵੇਂ ਕਿ ਦੇਖਣ, ਸੁਆਦ, ਗੰਧ, ਛੋਹਣ, ਸੁਣਨ, ਗਤੀਸ਼ੀਲਤਾ ਅਤੇ ਮੋਟਰ ਹੁਨਰ ਅਤੇ ਬੌਧਿਕ ਹੁਨਰਾਂ ਆਦਿ ਨੂੰ ਸਰਗਰਮ ਅਤੇ ਵਧਾਉਣ ’ਤੇ ਕੇਂਦਰਤ ਹੈ। ਉਨ੍ਹਾਂ ਕਿਹਾ ਕਿ ਪਾਰਕ ਅੰਗਹੀਣ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਖੇਡਣ ਅਤੇ ਮਨੋਰੰਜਨ ਦੇ ਵੱਖ-ਵੱਖ ਢੰਗ ਵੀ ਪ੍ਰਦਾਨ ਕਰਦਾ ਹੈ। ਲਗਪਗ ਚੌਥਾਈ ਏਕੜ ਵਿੱਚ ਫੈਲੇ ਇਸ ਪਾਰਕ ’ਤੇ 124.54 ਲੱਖ ਰੁਪਏ ਖ਼ਰਚ ਕੀਤੇ ਗਏ ਹਨ। ਮੇਅਰ ਨੇ ਅੱਗੇ ਕਿਹਾ ਕਿ ਖੇਡ ਮੈਦਾਨ ਵਿੱਚ ਰਬੜ ਦੀ ਫਲੋਰਿੰਗ ਹੈ ਜੋ ਬੱਚਿਆਂ ਦੀ ਸੁਰੱਖਿਆ ਨੂੰ ਵਧਾਉਂਦੀ ਹੈ। ਨੇਤਰਹੀਣ ਵਿਅਕਤੀਆਂ ਲਈ ਟੈਕਟਾਈਲ ਸੀਮਿੰਟ ਕੰਕਰੀਟ ਟੈਕਟਾਈਲ ਪੇਵਰ ਵਰਤੇ ਜਾਂਦੇ ਹਨ ਜੋ ਦਿਸ਼ਾ ਸੂਚਕ ਵਜੋਂ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਰਕ ਵਿੱਚ ਵੱਖ-ਵੱਖ ਪੱਧਰਾਂ ’ਤੇ ਪੌੜੀਆਂ ਦੇ ਨਾਲ-ਨਾਲ ਇੰਟਰਐਕਟਿਵ ਰੇਲਿੰਗ ਲਗਾਈ ਗਈ ਹੈ। ਇੱਥੇ ਕਈ ਤਰ੍ਹਾਂ ਦੀਆਂ ਜੜ੍ਹੀਆਂ ਬੂਟੀਆਂ, ਬੂਟੇ ਅਤੇ ਰੁੱਖ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਛੋਹਣ, ਸੁੰਘਣ, ਸਵਾਦ ਲੈਣ ਅਤੇ ਆਮ ਤੌਰ ’ਤੇ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਤੋਂ ਆਕਰਸ਼ਤ ਹੋਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਮੇਅਰ ਨੇ ਕਿਹਾ ਕਿ ‘ਸੈਂਸਰ ਪਾਰਕ’ ਬੱਚਿਆਂ ਲਈ ਆਪਣੀਆਂ ਸੰਵੇਦਨਾਵਾਂ ਦੀ ਪੜਚੋਲ ਕਰਨ ਅਤੇ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਬਾਰੇ ਜਾਣਨ ਦਾ ਵਧੀਆ ਤਰੀਕਾ ਹੈ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ, ਇਲਾਕਾ ਕੌਂਸਲਰ ਦਮਨਪ੍ਰੀਤ ਸਿੰਘ, ਹੋਰ ਕੌਂਸਲਰ ਅਤੇ ਸ਼ਹਿਰ ਦੇ ਪ੍ਰਮੁੱਖ ਵਿਅਕਤੀ ਹਾਜ਼ਰ ਸਨ।