ਮੇਅਰ ਵੱਲੋਂ ਸੈਕਟਰ-16 ’ਚ ਜਨ ਸੁਵਿਧਾ ਦਾ ਉਦਘਾਟਨ
ਮੁਕੇਸ਼ ਕੁਮਾਰ
ਚੰਡੀਗੜ੍ਹ, 19 ਨਵੰਬਰ
ਮੇਅਰ ਕੁਲਦੀਪ ਕੁਮਾਰ ਨੇ ਸੈਕਟਰ-16 ਦੇ ਨਵੀਨੀਕਰਨ ਕੀਤੇ ਜਨਤਕ ਪਖਾਨਿਆਂ ਦਾ ਵਿਸ਼ਵ ਟਾਇਲਟ ਦਿਵਸ ਮੌਕੇ ਉਦਘਾਟਨ ਕੀਤਾ। ਏਰੀਆ ਕੌਂਸਲਰ ਸੌਰਭ ਜੋਸ਼ੀ ਦੇ ਯਤਨਾਂ ਸਦਕਾ ਪੂਰੇ ਹੋਏ ਇਸ ਕਾਰਜ ਲਈ ਸੈਕਟਰ-16 ਦੀ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸਣੇ ਹੋਰ ਪ੍ਰਮੁੱਖ ਮੈਂਬਰਾਂ ਗੁਰਮੁਖ ਠਾਕੁਰ, ਰਾਮੇਸ਼ ਸਿੰਗਲਾ ਅਤੇ ਡਾ. ਰਾਵਲ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਕੌਂਸਲਰ ਸੌਰਭ ਜੋਸ਼ੀ ਨੇ ਦੱਸਿਆ ਕਿ ਇੱਥੇ ਬਣਾਏ ਇਹ ਪਖਾਨੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਹਨ। ਇੱਥੇ ਈਕੋ-ਫ੍ਰੈਂਡਲੀ ਫਿਕਸਚਰ, ਪਾਣੀ ਬਚਾਉਣ ਵਾਲੇ ਸਿਸਟਮ, ਰੋਸ਼ਨੀ ਦੀ ਵਿਵਸਥਾ, ਅੰਗਹੀਣਾਂ ਲਈ ਵਧੀਆ ਪਹੁੰਚ ਸਣੇ ਸਫ਼ਾਈ, ਸੁਰੱਖਿਆ ਅਤੇ ਸੁਖਦਾਈ ਅਨੁਭਵ ਪ੍ਰਦਾਨ ਕਰਨ ‘ਤੇ ਧਿਆਨ ਕੇਂਦਰਿਤ ਰਿਹਾ ਹੈ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਇਹ ਪ੍ਰਾਜੈਕਟ ਸਥਾਨਕ ਲੋਕਾਂ ਅਤੇ ਨਗਰ ਨਿਗਮ ਪ੍ਰਸ਼ਾਸਨ ਦਰਮਿਆਨ ਆਪਸੀ ਸਹਿਯੋਗ ’ਤੇ ਤਾਲਮੇਲ ਦੀ ਸ਼ਾਨਦਾਰ ਮਿਸਾਲ ਹੈ, ਜੋ ਸਾਫ਼ ਅਤੇ ਟਿਕਾਊ ਸ਼ਹਿਰੀ ਵਿਕਾਸ ਵੱਲ ਇੱਕ ਕਦਮ ਹੈ। ਕੌਂਸਲਰ ਸੌਰਭ ਜੋਸ਼ੀ ਨੇ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਂਝੀਆਂ ਕੋਸ਼ਿਸ਼ਾਂ ਚੰਡੀਗੜ੍ਹ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਸਹਾਇਕ ਸਾਬਤ ਹੋਣਗੀਆਂ। ਇਸ ਮੌਕੇ ਨਗਰ ਨਿਗਮ ਦੇ ਚੀਫ ਇੰਜਨੀਅਰ ਸੰਜੇ ਅਰੋੜਾ ਨੇ ਇੱਥੇ ਪਖਾਨੇ ਦੀ ਨਵੀਨੀਕਰਨ ਪ੍ਰਕਿਰਿਆ ’ਤੇ ਵਾਤਾਵਰਣ-ਅਨੁਕੂਲ ਸਮੱਗਰੀ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ।