ਗਊ ਦੇ ਗੋਬਰ ਦੀ ਇੱਟ ਨਾਲ ਤਿਆਰ ਪੁਲੀਸ ਚੈੱਕ ਪੋਸਟ ਦਾ ਉਦਘਾਟਨ
ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਅਗਸਤ
ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਵਿੱਚ ਗਊ ਦੇ ਗੋਬਰ (ਬਾਇਓਮਾਸ) ਦੀ ਇੱਟ ਨਾਲ ਤਿਆਰ ਪੁਲੀਸ ਚੈੱਕ ਪੋਸਟ ਦਾ ਉਦਘਾਟਨ ਐੱਸਐੱਸਪੀ ਡਾ. ਅੰਕੁਰ ਗੁਪਤਾ ਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਸਾਂਝੇ ਤੌਰ ਉੱਤੇ ਕੀਤਾ। ਉਤਰੀ ਭਾਰਤ ਵਿੱਚ ਗਊ ਦੇ ਗੋਬਰ ਦੀ ਇੱਟ ਨਾਲ ਤਿਆਰ ਪਹਿਲੀ ਚੈੱਕ ਪੋਸਟ ਅੰਦਰ ਜਿੱਥੇ ਗਰਮੀ ਸਰਦੀ ਵਿਚ ਤਾਪਮਾਨ ਸਥਿਰ ਰਹੇਗਾ ਉੱਥੇ ਪੁਲੀਸ ਮੁਲਾਜ਼ਮਾਂ ਨੂੰ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ।
ਇਸ ਮੌਕੇ ਵੈੱਲਬਿੰਗ ਹੈਲਥ ਆਰਗੇਨਾਈਜੇਸ਼ਨ ਦੇ ਸੰਸਥਾਪਤ ਡਾ. ਵਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਸਾਨੂੰ ਗੋਬਰ ਦੇ ਗੁਣਾਂ ਬਾਰੇ ਸਾਰਿਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਹ ਇੱਟਾਂ ਇਸ ਢੰਗ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ ਕਿ ਉਹ ਮਜ਼ਬੂਤ ਰਹਿਣ ਅਤੇ ਭਾਰ ਵਿੱਚ ਹਲਕੀਆਂ ਵੀ ਹੋਣ। ਇਸ ਮੌਕੇ ਐੱਸਐੱਸਪੀ ਡਾ.ਅੰਕੁਰ ਗੁਪਤਾ ਨੇ ਇਸ ਉਦਮ ਦੀ ਸ਼ਲਾਘਾ ਕੀਤੀ। ਹਲਕਾ ਵਿਧਾਇਕ ਡਾ. ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਜਿਹੜੇ ਲੋਕ ਘੱਟ ਦੁੱਧ ਕਾਰਨ ਗਊਆਂ ਨੂੰ ਸੜਕਾਂ ’ਤੇ ਛੱਡ ਦਿੰਦੇ ਹਨ, ਹੁਣ ਉਹ ਗਊ ਪਾਲ ਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ।