ਚੰਡੀਗੜ੍ਹ ਵਿੱਚ ਸਥਾਈ ‘ਆਰਆਰਆਰ’ ਸੈਂਟਰ ਦਾ ਉਦਘਾਟਨ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 7 ਜੂਨ
ਚੰਡੀਗੜ੍ਹ ਨਗਰ ਨਿਗਮ ਵਲੋਂ ਆਪਣੇ ਰੀਡਿਊਸ, ਰੀਯੂਜ਼ ਅਤੇ ਰੀਸਾਈਕਲ (ਆਰਆਰਆਰ) ਦੇ ਸਿਧਾਂਤਾਂ ਦੇ ਬਿਹਤਰ ਪ੍ਰਬੰਧਨ ਅਤੇ ਪ੍ਰਚਾਰ ਲਈ ਅੱਜ ਇਥੇ ਸੈਕਟਰ-17 ਦੇ ਜਗਤ ਸਿਨੇਮਾ ਨੇੜੇ ਸਥਾਈ ਆਰਆਰਆਰ ਸੈਂਟਰ ਸ਼ੁਰੂ ਕੀਤਾ ਗਿਆ। ਇਸ ਸਥਾਈ ਆਰਆਰਆਰ ਸੈਂਟਰ ਦਾ ਉਦਘਾਟਨ ਸ਼ਹਿਰ ਦੇ ਮੇਅਰ ਅਨੂਪ ਗੁਪਤਾ ਵੱਲੋਂ ਕੀਤਾ ਗਿਆ। ਲੋਕਾਂ ਵਲੋਂ ਪੁਰਾਣੇ ‘ਤੇ ਵਰਤਣਯੋਗ ਕੱਪੜੇ, ਕਿਤਾਬਾਂ, ਜੁੱਤੀਆਂ, ਇਲੈਕਟ੍ਰਾਨਿਕ ਵਸਤੂਆਂ ਆਦਿ ਇਥੇ ਬਣਾਏ ਗਏ ਆਰਆਰਆਰ ਸਟੋਰ ‘ਤੇ ਮੰਗਲਵਾਰ ਤੋਂ ਐਤਵਾਰ ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਾਨ ਕਰ ਸਕਦੇ ਹਨ। ਸੋਮਵਾਰ ਨੂੰ ਇਹ ਸਟੋਰ ਬੰਦ ਰਹੇਗਾ। ਆਰਆਰਆਰ ਸੈਂਟਰ ਦੇ ਉਦਘਾਟਨ ਮੌਕੇ ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਨਗਰ ਨਿਗਮ ਨੇ ਹਰ ਵਾਰਡ ਵਿੱਚ ਪੂਰੇ ਸ਼ਹਿਰ ਵਿੱਚ 35 ਅਸਥਾਈ ਆਰਆਰਆਰ ਕੇਂਦਰ ਸ਼ੁਰੂ ਕੀਤੇ ਹਨ, ਜਿੱਥੇ ਸ਼ਹਿਰ ਵਾਸੀਆਂ ਨੇ 20 ਮਈ ਤੋਂ 5 ਜੂਨ ਤੱਕ ਮੁੜ ਵਰਤੋਂ ਯੋਗ ਘਰੇਲੂ ਵਸਤੂਆਂ ਦਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅੱਗੇ ਨਗਰ ਨਿਗਮ ਵਲੋਂ ਇਨ੍ਹਾਂ ਵਸਤਾਂ ਨੂੰ ਸਾਫ਼, ਨਵੀਨੀਕਰਨ ਅਤੇ ਮੁੜ ਤੋਂ ਵਰਤਣਯੋਗ ਬਣਾਉਣ ਤੋਂ ਬਾਅਦ ਜਲਦੀ ਹੀ ‘ਰੁਪਏ ਸਟੋਰ’ ‘ਤੇ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੜ ਬਹਾਲ ਕੀਤੀਆਂ ਵਸਤੂਆਂ ਲੋੜਵੰਦਾਂ ਨੂੰ ਮਾਮੂਲੀ ਦਰਾਂ ‘ਤੇ ਵੇਚੀਆਂ ਜਾਣਗੀਆਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੰਗੀ ਹਾਲਤ ਵਿੱਚ ਘਰੇਲੂ ਵਸਤੂਆਂ ਦੀ ਬਰਬਾਦੀ ਨਾ ਹੋਵੇ ਅਤੇ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ। ਇਸ ਮੌਕੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਸਮੇਤ ਹੋਰ ਕੌਂਸਲਰ. ਨਗਰ ਨਿਗਮ ਦੇ ਅਧਿਕਾਰੀ ਆਦਿ ਹਾਜ਼ਰ ਸਨ।