ਬੈਂਕ ਆਫ਼ ਬੜੌਦਾ ਵੱਲੋਂ ਨਵੇਂ ਜ਼ੋਨਲ ਦਫ਼ਤਰ ਦਾ ਉਦਘਾਟਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਅਕਤੂਬਰ
ਬੈਂਕ ਆਫ਼ ਬੜੌਦਾ ਨੇ ਇੱਥੇ ਆਪਣਾ ਨਵਾਂ ਜ਼ੋਨਲ ਦਫ਼ਤਰ ਖੋਲ੍ਹਿਆ ਹੈ ਜਿਸਦਾ ਉਦਘਾਟਨ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦੇਵਦੱਤ ਚਾਂਦ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਬੈਂਕ ਆਫ਼ ਬੜੌਦਾ ਦਾ ਉਦੇਸ਼ ਦੇਸ਼ ਦੇ ਉੱਚ ਸਮਰੱਥਾ ਵਾਲੇ ਉਭਰ ਰਹੇ ਭੂਗੋਲਿਕ ਖੇਤਰਾਂ ਵਿੱਚ ਬੈਂਕਿੰਗ ਸੇਵਾਵਾਂ ਦਾ ਵਿਸਥਾਰ ਕਰਨਾ ਹੈ ਅਤੇ ਇਹ ਦਫ਼ਤਰ ਬੈਂਕ ਦੇ ਵਿਸਥਾਰ ਅਤੇ ਪਹੁੰਚ ’ਤੇ ਧਿਆਨ ਕੇਂਦਰਿਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਉਨ੍ਹਾਂ ਐਲਾਨ ਕੀਤਾ ਕਿ ਬੈਂਕ ਵੱਲੋਂ ਭਵਿੱਖ ਵਿੱਚ ਕੁੱਝ ਹੋਰ ਸ਼ਾਖਾਵਾਂ ਖੋਲ੍ਹਣ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਬੈਂਕ ਦੀਆਂ ਕੁੱਲ 188 ਸ਼ਾਖਾਵਾਂ ਹਨ ਜੋ ਪੰਜਾਬ ਦੇ 23 ਜ਼ਿਲ੍ਹਿਆਂ, ਜੰਮੂ-ਕਸ਼ਮੀਰ ਦੇ 6 ਅਤੇ ਲੱਦਾਖ ਦੇ ਇੱਕ ਜ਼ਿਲ੍ਹੇ ਨੂੰ ਸੇਵਾ ਪ੍ਰਦਾਨ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਐੱਨਆਰਆਈ ਭਾਈਚਾਰੇ ਨਾਲ ਉਨ੍ਹਾਂ ਦੀਆਂ ਖਾਸ ਵਿੱਤੀ ਜ਼ਰੂਰਤਾਂ ਪੂਰੀਆਂ ਕਰਨ ਲਈ ਗਾਹਕ ਪਹੁੰਚ ਪ੍ਰੋਗਰਾਮਾਂ ਰਾਹੀਂ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ। ਇਸ ਮੌਕੇ ਬੈਂਕ ਦੇ ਸੀਨੀਅਰ ਅਧਿਕਾਰੀ, ਕਰਮਚਾਰੀ ਅਤੇ ਸਨਮਾਨਿਤ ਗਾਹਕ ਵੀ ਹਾਜ਼ਰ ਸਨ।