ਆਤਿਸ਼ੀ ਵੱਲੋਂ ਚਾਰ ਮੰਜ਼ਿਲਾ ਨਵੇਂ ਸਕੂਲ ਬਲਾਕ ਦਾ ਉਦਘਾਟਨ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਸਤੰਬਰ
ਉੱਤਰ-ਪੂਰਬੀ ਦਿੱਲੀ ਵਿੱਚ ਸੂਬਾ ਸਰਕਾਰ ਨੇ ਸੀਮਾਪੁਰੀ ਦੀਆਂ ਤੰਗ ਗਲੀਆਂ ਵਿੱਚ ਇੱਕ 4 ਮੰਜ਼ਿਲਾ ਨਵੇਂ ਸਕੂਲ ਬਲਾਕ ਦਾ ਨਿਰਮਾਣ ਕੀਤਾ ਹੈ। ਵਿਸ਼ਵਾਮਿੱਤਰ ਸਰਵੋਦਿਆ ਵਿਦਿਆਲਿਆ, ਸੀਮਾਪੁਰੀ ਦੀ ਇਹ ਨਵੀਂ ਸਕੂਲ ਇਮਾਰਤ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਹੈ। ਮੰਗਲਵਾਰ ਨੂੰ ਸਿੱਖਿਆ ਮੰਤਰੀ ਆਤਿਸ਼ੀ ਅਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਇਸ ਦਾ ਉਦਘਾਟਨ ਕੀਤਾ ਅਤੇ ਬੱਚਿਆਂ ਨੂੰ ਸਮਰਪਿਤ ਕੀਤਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਨਵੀਂ ਇਮਾਰਤ ਬਣਨ ਨਾਲ ਹੋਰਨਾਂ ਸਕੂਲਾਂ ’ਤੇ ਦਬਾਅ ਘਟੇਗਾ। ਸਕੂਲ ਦੀ ਸਮਰਥਾ ਵਧੇਗੀ, ਇੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਯੋਗਤਾ ਵਧੇਗੀ ਅਤੇ ਦੇਸ਼ ਦਾ ਭਵਿੱਖ ਸੁਧਰੇਗਾ। ਨਵੇਂ ਅਕਾਦਮਿਕ ਬਲਾਕ ਵਿੱਚ ਵਿਦਿਆਰਥਣਾਂ ਲਈ ਸਾਇੰਸ ਸਟ੍ਰੀਮ ਵੀ ਹੋਵੇਗੀ। ਉਨ੍ਹਾਂ ਆਖਿਆ ਕਿ ਲੜਕੀਆਂ ਡਾਕਟਰ, ਇੰਜਨੀਅਰ ਅਤੇ ਵਿਗਿਆਨੀ ਬਣਨ ਦੇ ਆਪਣੇ ਸੁਪਨੇ ਪੂਰੇ ਕਰਨ ਦੇ ਯੋਗ ਹੋਣਗੀਆਂ।
ਉਨ੍ਹਾਂ ਦੱਸਿਆ ਕਿ 2 ਨਵੇਂ ਚਾਰ ਮੰਜ਼ਿਲਾ ਅਕਾਦਮਿਕ ਬਲਾਕ ਜੋ ਅਤਿ-ਆਧੁਨਿਕ ਲੈਬਾਂ, ਲਾਇਬ੍ਰੇਰੀਆਂ, ਸਮਾਰਟ ਕਲਾਸਰੂਮਾਂ ਨਾਲ ਲੈਸ ਹਨ। ਇਸ ਨਾਲ ਸੀਮਾਪੁਰੀ, ਸਨਲਾਈਟ ਕਲੋਨੀ, ਦਿਲਸ਼ਾਦ ਗਾਰਡਨ, ਕਲੰਦਰ ਕਲੋਨੀ ਸਣੇ ਨੇੜਲੇ ਇਲਾਕਿਆਂ ਦੇ ਹਜ਼ਾਰਾਂ ਬੱਚਿਆਂ ਨੂੰ ਲਾਭ ਹੋਵੇਗਾ।
ਇਸ ਮੌਕੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮਨਿਵਾਸ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕ੍ਰਾਂਤੀਕਾਰੀ ਸੋਚ ਕਾਰਨ ਦਿੱਲੀ ਦੀ ਸਿੱਖਿਆ ਕ੍ਰਾਂਤੀ ਨੂੰ ਪੂਰੀ ਦੁਨੀਆ ਵਿੱਚ ਮਾਨਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿੱਚ ਕੀਤੇ ਨਿਵੇਸ਼ ਦੇ ਨਤੀਜੇ ਵਜੋਂ ਹੁਣ ਸਾਡੇ ਸਕੂਲਾਂ ਦੇ ਬੋਰਡ ਨਤੀਜੇ 100 ਫ਼ੀਸਦ ਹੋ ਗਏ ਹਨ। ਨਵੇਂ ਸਕੂਲ ਬਲਾਕ ਦੀ ਉਸਾਰੀ ਨਾਲ ਵਿਦਿਆਰਥੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸ਼ਾਨਦਾਰ ਸਿੱਖਿਆ ਹਾਸਲ ਕਰ ਸਕਣਗੇ।