ਧਰਮਕੋਟ ਵਿੱਚ ਨਵੇਂ ਫਾਇਰ ਸਟੇਸ਼ਨ ਦਫ਼ਤਰ ਦਾ ਉਦਘਾਟਨ
ਹਰਦੀਪ ਸਿੰਘ
ਧਰਮਕੋਟ, 27 ਅਕਤੂਬਰ
ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਇੱਥੇ ਢੋਲੇ ਵਾਲਾ ਮੁੱਖ ਸੜਕ ’ਤੇ ਨਵੇਂ ਬਣੇ ਫਾਇਰ ਸਟੇਸ਼ਨ ਦਫ਼ਤਰ ਦਾ ਉਦਘਾਟਨ ਕੀਤਾ। ਸਰਕਾਰ ਵੱਲੋਂ ਇਸ ਉੱਤੇ 17 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਇਸ ਮੌਕੇ ਤੇ ਸਟੇਸ਼ਨ ਇੰਚਾਰਜ ਫਾਇਰ ਅਫ਼ਸਰ ਗਗਨਦੀਪ ਸਿੰਘ ਅਤੇ ਸਮੁੱਚੀ ਫਾਇਰ ਟੀਮ, ਨਗਰ ਕੌਂਸਲ ਦੇ ਕਾਰਜ ਸਾਧਕ ਦਾ ਅਮਰਿੰਦਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨ ਪੰਡੋਰੀ, ‘ਆਪ’ ਦੇ ਬਲਾਕ ਪ੍ਰਧਾਨ ਗੁਰਮੀਤ ਮਖੀਜਾ, ਗੁਰਪ੍ਰੀਤ ਸਿੰਘ ਕੰਬੋਜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਵਿਧਾਇਕ ਢੋਸ ਨੇ ਕਿਹਾ ਕਿ ਲੰਘੇ ਸਾਲ ਧਰਮਕੋਟ ਅੰਦਰ ਫਾਇਰ ਸਟੇਸ਼ਨ ਦੀ ਸਥਾਪਨਾ ਤਾਂ ਕਰ ਦਿੱਤੀ ਗਈ ਸੀ ਪ੍ਰੰਤੂ ਬਕਾਇਦਾ ਤੌਰ ’ਤੇ ਸਟੇਸ਼ਨ ਦਫਤਰ ਦੀ ਸਥਾਪਨਾ ਅੱਜ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਫਾਇਰ ਸਟੇਸ਼ਨ ਨੂੰ ਸਾਰੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇੱਥੇ 24 ਘੰਟੇ ਸਟਾਫ ਦੀ ਹਾਜ਼ਰੀ ਯਕੀਨੀ ਬਣਾਈ ਗਈ ਹੈ ਅਤੇ ਨਾਲ ਹੀ ਪਾਣੀ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਹੈ। ਇਸ ਮੌਕੇ ‘ਆਪ’ ਆਗੂ ਹਰਪ੍ਰੀਤ ਸਿੰਘ ਰਿੱਕੀ, ਗੁਰਬਖਸ਼ ਸਿੰਘ ਕੱਟੂ, ਹਰਭਜਨ ਸਿੰਘ ਬੱਤਰਾ ਕੌਂਸਲਰ, ਰਾਜ ਬੱਤਰਾ, ਮਨਦੀਪ ਸਿੰਘ ਮਠਾੜੂ, ਡਾਕਟਰ ਗੁਰਮੀਤ ਸਿੰਘ ਗਿੱਲ,ਮੰਗਾ ਮਿਸਤਰੀ ਅਤੇ ਗੁਰਤਾਰ ਸਿੰਘ ਕਮਾਲ ਕੇ ਹਾਜ਼ਰ ਸਨ।