ਐੱਮਡੀ ਵੱਲੋਂ ਸਹਿਕਾਰੀ ਮਿੱਲ ਦੇ ਨਵੇਂ ਪਿੜਾਈ ਸੀਜ਼ਨ ਦਾ ਉਦਘਾਟਨ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 27 ਨਵੰਬਰ
ਹਰਿਆਣਾ ਦੇ ਸਹਿਕਾਰੀ ਖੰਡ ਮਿੱਲ ਪ੍ਰਸੰਗ ਪੰਚਕੂਲਾ ਦੇ ਮੈਨੇਜਿੰਗ ਡਾਇਰੈਕਟਰ ਕੈਪਟਨ ਸ਼ਕਤੀ ਸਿੰਘ ਨੇ ਸ਼ਾਹਬਾਦ ਸਹਿਕਾਰੀ ਖੰਡ ਮਿੱਲ ਦੇ ਪਿੜਾਈ ਸੀਜ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸ਼ਾਹਬਾਦ ਸ਼ੂਗਰ ਮਿੱਲ ਲਈ ਕਿਸਾਨ ਚੰਗੀ ਗੁਣਵੱਤਾ ਵਾਲੇ ਗੰਨੇ ਦਾ ਉਤਪਾਦਨ ਕਰ ਕੇ ਸ਼ਲਾਘਾਯੋਗ ਯੋਗਦਾਨ ਪਾ ਰਹੇ ਹਨ। ਇਹ ਖੰਡ ਮਿੱਲ ਵੀ ਕਿਸਾਨਾਂ ਦੀ ਸੇਵਾ ਲਈ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਮਿੱਲ ਨੇ ਇਸ ਸਾਲ 62 ਲੱਖ ਕੁਇੰਟਲ ਗੰਨੇ ਦੀ ਪਿੜਾਈ ਦਾ ਟੀਚਾ ਮਿਥਿਆ ਹੈ। ਇਸ ਤੋਂ ਪਹਿਲਾਂ ਐੱਮਡੀ ਸ਼ਕਤੀ ਸਿੰਘ, ਸ਼ੂਗਰਫੈੱਡ ਦੇ ਚੇਅਰਮੈਨ ਧਰਮਵੀਰ ਸਿੰਘ ਡਾਗਰ, ਭਾਜਪਾ ਆਗੂ ਸੁਭਾਸ਼ ਕਲਸਾਣਾ, ਸ਼ਾਹਬਾਦ ਸ਼ੂਗਰ ਮਿੱਲ ਦੇ ਐੱਮਡੀ ਵੀਰੇਂਦਰ ਚੌਧਰੀ, ਡਾਇਰੈਕਟਰ ਬਲਦੇਵ ਕਲਿਆਣਾ ਨੇ ਖੰਡ ਮਿੱਲ ਦੀ ਮਸ਼ੀਨ ਵਿੱਚ ਗੰਨਾ ਪਾ ਕੇ ਮੰਤਰਾਂ ਦੇ ਜਾਪ ਨਾਲ ਮਿੱਲ ਦਾ ਰਸਮੀ ਉਦਘਾਟਨ ਕੀਤਾ। ਕੈਪਟਨ ਸ਼ਕਤੀ ਸਿੰਘ ਨੇ ਪਿਛਲੇ ਸੀਜ਼ਨ ਵਿਚ ਸਭ ਤੋਂ ਵੱਧ ਗੰਨਾ ਲਿਆਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਪਿੜਾਈ ਸੀਜਨ 2024,25 ਵਿੱਚ ਮਿੱਲ ਨੇ 62 ਲੱਖ ਕੁਇੰਟਲ ਗੰਨੇ ਦੀ ਪਿੜਾਈ, 10.50 ਫੀਸਦੀ ਖੰਡ ਦੀ ਰਿਕਵਰੀ ਤੇ 6.51 ਲੱਖ ਕੁਇੰਟਲ ਖੰਡ ਦਾ ਉਤਪਾਦਨ, 7.15 ਕਰੋੜ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 15.17 ਕਰੋੜ ਰੁਪਏ ਦੀ ਬਿਜਲੀ ਵੇਚਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਸ਼ਾਹਬਾਦ ਸਹਿਕਾਰੀ ਖੰਡ ਮਿੱਲ ਭਾਰਤ ਦੀਆਂ ਸਰਵੋਤਮ ਖੰਡ ਮਿੱਲਾਂ ਵਿੱਚ ਗਿਣੀ ਜਾਂਦੀ ਹੈ। ਮਿੱਲ ਹੁਣ ਤੱਕ ਤਕਨੀਕੀ ਕੁਸ਼ਲਤਾ, ਵਿੱਤੀ ਪ੍ਰਬੰਧਨ ਤੇ ਗੰਨਾ ਵਿਕਾਸ ਵਿੱਚ 29 ਵਾਰ ਰਾਸ਼ਟਰ ਪੱਧਰ ’ਤੇ ਪੁਰਸਕਾਰ ਜਿੱਤ ਚੁੱਕੀ ਹੈ ਤੇ ਪੰਜ ਵਾਰ ਸੂਬਾ ਪੱਧਰ ’ਤੇ ਵੀ ਪੁਸਰਕਾਰ ਮਿਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮਿੱਲ ਵਿੱਚ 60 ਕੇਐੱਲਪੀ ਡੀ ਈਥਾਨੋਲ ਪਲਾਂਟ ਸਥਾਪਿਤ ਕੀਤਾ ਗਿਆ ਹੈ ਤੇ ਜਿਸ ਤੋਂ ਉਤਪਾਦਨ ਹੋਣਾ ਸ਼ੁਰੂ ਹੋ ਗਿਆ ਹੈ। ਈਥਾਨੋਲ ਪਲਾਂਟ ਬਾਜ਼ਾਰ ਵਿੱਚ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮਿੱਲ ਨੇ ਪਿਛਲੇ ਪਿੜਾਈ ਸੀਜ਼ਨ ਵਿਚ 10.27 ਫੀਸਦੀ ਰਿਕਵਰੀ ਦੇ ਨਾਲ 60.54 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰਕੇ 6.22 ਲੱਖ ਕੁਇੰਟਨ ਖੰਡ ਦਾ ਯੂਨਿਟ ਬਿਜਲੀ ਦਾ ਉਤਪਾਦਨ ਕਰਨ ਤੋਂ ਬਾਅਦ 14.81 ਕਰੋੜ ਰੁਪਏ ਦੀ ਬਿਜਲੀ ਵੇਚੀ ਗਈ। ਪਿਛਲੇ ਸਾਲ ਦੀ ਗੰਨੇ ਦੀ ਖਰੀਦ ਦੀ ਅਦਾਇਗੀ ਕਿਸਾਨਾਂ ਨੂੰ ਸਮੇਂ ਸਿਰ ਕਰ ਦਿੱਤੀ ਗਈ ਹੈ। ਭਾਜਪਾ ਨੇਤਾ ਸੁਭਾਸ਼ ਕਲਸਾਣਾ ਨੇ ਦੱਸਿਆ ਕਿ ਇਸ ਸਾਲ ਹਰਿਆਣਾ ਦੀਆਂ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਲਈ ਇੱਕ ਅਗਾਉਂ ਕੈਲੰਡਰ ਬਣਾ ਕੇ ਵੈੱਬਸਾਈਟ ’ਤੇ ਪਾ ਦਿੱਤਾ ਗਿਆ ਹੈ ਤੇ ਹਰ ਕਿਸਾਨ ਮਿੱਲ ’ਚ ਆਪਣੇ ਗੰਨੇ ਦੀ ਪਿੜਾਈ, ਅਦਾਇਗੀ ਤੇ ਪਰਚੀਆਂ ਦੇ ਵੇਰਵਾ ਦੇਖ ਸਕੇਗਾ।
ਮਿੱਲ ਦੇ ਐੱਮਡੀ ਵੀਰੇਂਦਰ ਚੌਧਰੀ ਨੇ ਦੱਸਿਆ ਕਿ ਇਸ ਸਾਲ ਗੰਨਾ ਵਿਕਾਸ ਪ੍ਰਾਜੈਕਟ ਲਈ 626.25 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ’ਚ ਮਿੱਲ ਵੱਲੋਂ ਕਿਸਾਨਾਂ ਨੂੰ 35.83 ਲੱਖ ਰੁਪਏ ਸਬਸਿਡੀ ਵਜੋਂ ਦਿੱਤੇ ਜਾਣਗੇ।