ਮੇਅਰ ਅਨੂਪ ਗੁਪਤਾ ਵੱਲੋਂ ਆਧੁਨਿਕ ਪਖਾਨਿਆਂ ਦਾ ਉਦਘਾਟਨ
ਮੁਕੇਸ਼ ਕੁਮਾਰ
ਚੰਡੀਗੜ੍ਹ, 18 ਦਸੰਬਰ
ਚੰਡੀਗੜ੍ਹ ਸ਼ਹਿਰ ਵਿੱਚ ਸਾਫ਼-ਸੁਥਰੀਆਂ ਸੈਨੀਟੇਸ਼ਨ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਨਗਰ ਨਿਗਮ ਨੇ ਇੱਥੋਂ ਦੇ ਸੈਕਟਰ-16 ਡੀ ਅਤੇ ਸੈਕਟਰ-33 ਏ ਵਿੱਚ ਦੋ ਅਤਿ-ਆਧੁਨਿਕ ਜਨਤਕ ਸਹੂਲਤਾਂ ਨਾਲ ਲੈਸ ਪਖਾਨੇ ਲੋਕਾਂ ਨੂੰ ਸਮਰਪਿਤ ਕੀਤੇ। ਸ਼ਹਿਰ ਦੇ ਮੇਅਰ ਅਨੂਪ ਗੁਪਤਾ ਨੇ ਸੋਮਵਾਰ ਨੂੰ ਇੱਥੇ ਸੈਕਟਰ-16 ਅਤੇ ਸੈਕਟਰ-33 ਵਿੱਚ ਬਣੇ ਆਧੁਨਿਕ ਪਖਾਨਿਆਂ ਦਾ ਉਦਘਾਟਨ ਕੀਤਾ। ਇਸ ਮੌਕੇ ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਇਹ ਜਨਤਕ ਪਖ਼ਾਨੇ ਕਈ ਤਰ੍ਹਾਂ ਦੀਆਂ ਆਧੁਨਿਕ ਅਤੇ ਜ਼ਰੂਰੀ ਸਹੂਲਤਾਂ ਨਾਲ ਲੈਸ ਹਨ। ਇੱਥੇ ਬਣਾਏ ਗਏ ਜਨਤਕ ਪਖ਼ਾਨੇ ਬੱਚਿਆਂ ਲਈ ਅਨੁਕੂਲ ਸਹੂਲਤਾਂ ਨਾਲ ਲੈਸ ਹਨ। ਇਸ ਤੋਂ ਇਲਾਵਾ ਟਰਾਂਸਜੈਂਡਰ ਵਿਅਕਤੀਆਂ ਅਤੇ ਅਪਾਹਜ ਵਿਅਕਤੀਆਂ ਲਈ ਵੀ ਵੱਖਰੇ ਸੈਕਸ਼ਨ ਬਣਾਏ ਗਏ ਹਨ। ਇੱਥੇ ਬਣਾਏ ਗਏ ਪਖ਼ਾਨੇ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨਾਂ ਨਾਲ ਲੈਸ ਹਨ, ਜੋ ਔਰਤਾਂ ਨੂੰ ਜ਼ਰੂਰੀ ਸਫ਼ਾਈ ਉਤਪਾਦ ਇੱਕ ਸੁਵਿਧਾਜਨਕ ਮਾਹੌਲ ਵਿੱਚ ਉਪਲਬਧ ਕਰਵਾਉਣ ਦਾ ਇੱਕ ਉਪਰਾਲਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਹਿਰ ਦੇ ਜਨਤਕ ਪਖਾਨਿਆਂ ਦੀਆਂ ਸਹੂਲਤਾਂ ਵਿੱਚ ਲਗਾਤਾਰ ਸੁਧਾਰ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਦੋਵੇਂ ਜਨਤਕ ਪਖਾਨਿਆਂ ’ਤੇ ਇੱਕ ਫੀਡਬੈਕ ਮਸ਼ੀਨ ਵੀ ਲਗਾਈ ਗਈ ਹੈ। ਇਨ੍ਹਾਂ ਪਖਾਨਿਆਂ ਦਾ ਇਸਤੇਮਾਲ ਕਰਨ ਵਾਲੇ ਆਪਣੀ ਕੀਮਤੀ ਫੀਡਬੈਕ, ਸੁਝਾਅ ਅਤੇ ਸਮੱਸਿਆਵਾਂ ਸਿੱਧੇ ਨਗਰ ਨਿਗਮ ਪ੍ਰਸ਼ਾਸਨ ਲਈ ਇਥੇ ਦਰਜ ਕਰ ਸਕਦੇ ਹਨ ਅਤੇ ਨਗਰ ਨਿਗਮ ਕਿਸੇ ਵੀ ਸਮੱਸਿਆ ਦਾ ਤੁਰੰਤ ਹੱਲ ਕਰ ਸਕਦਾ ਹੈ। ਮੇਅਰ ਅਨੂਪ ਗੁਪਤਾ ਨੇ ਇਨ੍ਹਾਂ ਦੋਵੇਂ ਪ੍ਰਾਜੈਕਟਾਂ ਦੇ ਮੁਕੰਮਲ ਕਰਨ ਲੈਣ ਨਗਰ ਨਿਗਮ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਇੱਕ ਸਿਹਤਮੰਦ ਅਤੇ ਸਵੱਛ ਸ਼ਹਿਰ ਬਣਾਉਣ ਲਈ ਵਚਨਬੱਧ ਹੈ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਨੇ ਕਿਹਾ ਕਿ ਇਹ ਅਤਿ-ਆਧੁਨਿਕ ਜਨਤਕ ਸਹੂਲਤਾਂ ਸਵੱਛਤਾ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਵਿਭਿੰਨ ਭਾਈਚਾਰੇ ਦੀਆਂ ਲੋੜਾਂ ਨੂੰ ਤਰਜੀਹ ਦੇਣ ਦੇ ਮਿਸ਼ਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਭਰ ਵਿੱਚ ਜਨਤਕ ਸਹੂਲਤਾਂ ਦੇ ਵਿਸਥਾਰ ਅਤੇ ਸੁਧਾਰ ਲਈ ਕੰਮ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਵੱਛ ਪਖਾਨੇ ਦੀ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਨਗਰ ਨਿਗਮ ਸ਼ਹਿਰ ਭਰ ਵਿੱਚ ਜਨਤਕ ਸਹੂਲਤਾਂ ਦਾ ਵਿਸਥਾਰ ਅਤੇ ਸੁਧਾਰ ਕਰਨ ਲਈ ਸਮਰਪਿਤ ਹੈ। ਇਸ ਮੌਕੇ ਸਬੰਧਤ ਇਲਾਕਾ ਕੌਂਸਲਰਾਂ ਸੌਰਭ ਜੋਸ਼ੀ ਅਤੇ ਅੰਜੂ ਕਤਿਆਲ ਨੇ ਜਨਤਕ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਇਸ ਦੇ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਇਸ ਮੌਕੇ ਨਗਰ ਨਿਗਮ ਦੇ ਚੀਫ਼ ਇੰਜਨੀਅਰ ਐੱਨਪੀ ਸ਼ਰਮਾ ਹਾਜ਼ਰ ਸਨ।