ਮੱਲੂਮਾਜਰਾ ਵੱਲੋਂ ਧੂਰੀ ਵਿੱਚ ਮੀਤ ਹੇਅਰ ਦੇ ਦਫ਼ਤਰ ਦਾ ਉਦਘਾਟਨ
ਪੱਤਰ ਪ੍ਰੇਰਕ
ਧੂਰੀ, 15 ਮਈ
ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਮੇਨ ਬਾਜ਼ਾਰ ’ਚ ਖੋਲ੍ਹੇ ਦਫ਼ਤਰ ਦਾ ਉਦਘਾਟਨ ਪਾਰਟੀ ਦੇ ਪੁਰਾਣੇ ਮੈਂਬਰ ਮੁਖਤਿਆਰ ਸਿੰਘ ਮੱਲੂਮਾਜਰਾ ਨੇ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ, ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਸੀਨੀਅਰ ਆਗੂ ਜਸਵੀਰ ਸਿੰਘ ਜੱਸੀ ਸੇਖੋਂ, ਮੈਂਬਰ ਵਕਫ਼ ਬੋਰਡ ਡਾ. ਅਨਵਰ ਭਸੌੜ, ਸਟੇਟ ਸਕੱਤਰ ਖੇਡਾਂ ਅਮਰਦੀਪ ਸਿੰਘ ਧਾਂਦਰਾ ਤੇ ਸ਼ਹਿਰੀ ਆਗੂ ਨਰੇਸ਼ ਸਿੰਗਲਾ ਹਾਜ਼ਰ ਸਨ। ਸ੍ਰੀ ਜੱਸੀ ਸੇਖੋਂ ਨੇ ਪਾਰਟੀ ਦੇ ਮੋਹਰੀ ਆਗੂਆਂ ਦੀਆਂ ਟੀਮਾਂ ਵੱਲੋਂ ਹਰ ਮੁਹੱਲੇ, ਹਰ ਗਲੀ, ਹਰ ਘਰ ਵਿੱਚ ਵਿਉਂਤਬੰਦੀ ਨਾਲ ਕੀਤੇ ਜਾ ਰਹੇ ਚੋਣ ਪ੍ਰਚਾਰ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਹਲਕਾ ਹੋਣ ਕਾਰਨ ਇਸ ਹਲਕੇ ਤੋਂ ਉਮੀਦਵਾਰ ਮੀਤ ਹੇਅਰ ਨੂੰ ਵੱਡੀ ਲੀਡ ਨਾਲ ਜਿਤਾਉਣਾ ਚੁਣੌਤੀਪੂਰਨ ਕਾਰਜ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਤੇ ਆਗੂ ਮੁੱਖ ਮੰਤਰੀ ਵੱਲੋਂ 13 ਸੀਟਾਂ ਜਿੱਤਣ ਸਬੰਧੀ ਲਏ ਅਹਿਦ ਨੂੰ ਪੂਰਾ ਕਰਨ ਲਈ ਦਿਨ-ਰਾਤ ਇੱਕ ਕਰ ਦੇਣ।
ਕੇਂਦਰੀ ਸਭਾ ਦੇ ਵਫ਼ਦ ਵੱਲੋਂ ਮੀਤ ਹੇਅਰ ਨਾਲ ਮੁਲਾਕਾਤ
ਧੂਰੀ: ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਦੀ ਅਗਵਾਈ ਹੇਠ ਸਭਾ ਦਾ ਵਫ਼ਦ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਧੂਰੀ ਫ਼ੇਰੀ ਦੌਰਾਨ ਮਿਲਿਆ। ਮੀਟਿੰਗ ਦੌਰਾਨ ਸਭਾ ਵੱਲੋਂ ਮੁੱਖ ਮੰਤਰੀ ਨੂੰ ਸੌਂਪਣ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੁਲਾਕਾਤ ਦੌਰਾਨ ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਪੂਰਨ ਸਹਿਮਤੀ ਜਤਾਈ ਗਈ। ਧੂਰੀ ਵਿੱਚ ਸਾਹਿਤ ਸਦਨ, ਕਾਨਫਰੰਸ ਹਾਲ ਅਤੇ ਪੁਸਤਕਾਲਾ ਬਣਾਉਣਾ ਵੀ ਉਭਾਰੀ ਗਈ। ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. ਪ੍ਰੋਫੈਸਰ ਉਂਕਾਰ ਸਿੰਘ ਸਿੱਧੂ ਵੀ ਹਾਜ਼ਰ ਸਨ। ਮੀਟਿੰਗ ਵਿੱਚ ਸਭਾ ਦੇ ਮੀਤ ਪ੍ਰਧਾਨ ਡਾ. ਭਗਵੰਤ ਸਿੰਘ ਮੰਗਵਾਲ ਅਤੇ ਗੁਲਜ਼ਾਰ ਸਿੰਘ ਸ਼ੋਕੀ, ਕਾਰਜਕਾਰਨੀ ਮੈਂਬਰ ਗੁਰਨਾਮ ਸਿੰਘ ਸੰਗਰੂਰ ਅਤੇ ਅਮਰਜੀਤ ਸਿੰਘ ਅਮਨ, ਐਡਵੋਕੇਟ ਜਗਦੀਪ ਸਿੰਘ ਗੰਧਾਰਾ ਅਤੇ ਵਿਜੈ ਸੋਫ਼ਤ ਬਿੱਟੂ ਹਾਜ਼ਰ ਸਨ। - ਨਿੱਜੀ ਪੱਤਰ ਪ੍ਰੇਰਕ