ਬਲਜੀਤ ਕੌਰ ਵੱਲੋਂ ਮਲੋਟ-ਮੁਕਤਸਰ ਸੜਕ ਦਾ ਉਦਘਾਟਨ
ਨਿੱਜੀ ਪੱਤਰ ਪ੍ਰੇਰਕ
ਮਲੋਟ, 12 ਜੂਨ
ਕੈਬਨਿਟ ਮੰਤਰੀ ਬਲਜੀਤ ਕੌਰ ਨੇ ਅੱਜ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਤੱਕ ਕਰੀਬ 30 ਕਿਲੋਮੀਟਰ ਲੰਬੀ ਸੜਕ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਕੀਤਾ। ਮੰਤਰੀ ਨੇ ਕਿਹਾ ਕਿ ਇਹ ਸੜਕ 150 ਕਰੋੜ ਦੀ ਲਾਗਤ ਨਾਲ 18 ਮਹੀਨਿਆਂ ਵਿੱਚ ਤਿਆਰ ਹੋ ਜਾਵੇਗੀ। ਇਸ ਤੋਂ ਕਰੀਬ 3 ਹਜ਼ਾਰ ਦਰੱਖਤ ਵੱਢੇ ਜਾਣਗੇ ਅਤੇ ਇਹ ਸੜਕ ਦੋਵਾਂ ਪਾਸਿਓਂ ਚੌੜੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਕੰਮ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਕੇ ਹੀ ਸ਼ੁਰੂ ਕਰਵਾਇਆ ਹੈ, ਇਸ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਇਸ ਸੜਕ ਦੀ ਉਸਾਰੀ ਲਈ ਪੈਦਲ ਰੋਸ ਮਾਰਚ ਕਰਨ ਵਾਲਿਆਂ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਨੇ ਪਹਿਲੀਆਂ ਸਰਕਾਰਾਂ ਸਮੇਂ ਕਦੇ ਕੋਈ ਵਿਰੋਧ ਕਿਉਂ ਨਹੀਂ ਸੀ ਕੀਤਾ। ਉਨ੍ਹਾਂ ਕਿਹਾ ਕਿ ਜੇ ਅਜਿਹੇ ਮਾਰਚਾਂ ਨਾਲ ਕੰਮ ਸ਼ੁਰੂ ਹੋ ਜਾਣਾ ਸੀ ਤਾਂ ਲੋਕਾਂ ਨੂੰ ਪਿੱਛਲੀਆਂ ਸਰਕਾਰਾਂ ਵਿੱਚ ਮਾਰਚ ਕਰ ਕੇ ਕੰਮ ਕਰਵਾ ਲੈਣਾ ਚਾਹੀਦਾ ਸੀ। ਉਨ੍ਹਾਂ ਹੈਰਾਨੀ ਜ਼ਾਹਰ ਕੀਤੀ ਇਹ ਮਸਲੇ ‘ਤੇ ਪੁਰਾਣੀਆਂ ਸਰਕਾਰਾਂ ਦਾ ਧਿਆਨ ਕਿਉਂ ਨਹੀਂ ਗਿਆ। ਇਸ ਮੌਕੇ ਉਨ੍ਹਾਂ ਨਾਲ ਪਰਮਜੀਤ ਸਿੰਘ ਗਿੱਲ, ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਔਲਖ ਆਦਿ ਹਾਜ਼ਰ ਸਨ।
ਦੂਜੇ ਪਾਸੇ, ਅੱਜ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕਰ ਕੇ ਕਿਹਾ ਕਿ ਇਸ ਸੜਕ ਦਾ ਕੰਮ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਨਾਲ ਨੇਪਰੇ ਚੜ੍ਹਿਆ ਹੈ। ਉਨ੍ਹਾਂ ਹੀ ਕੇਂਦਰੀ ਮੰਤਰੀ ਨੂੰ ਇਸ ਸੜਕ ਦੀ ਮਾੜੀ ਹਾਲਤ ਬਾਰੇ ਜਾਣੂ ਕਰਵਾਇਆ ਸੀ।