ਵਿਧਾਇਕ ਗੋਗੀ ਵੱਲੋਂ ਲਈਅਰ ਵੈਲੀ ਦਾ ਉਦਘਾਟਨ
ਗਗਨਦੀਪ ਅਰੋੜਾ
ਲੁਧਿਆਣਾ, 24 ਜੂਨ
ਹਲਕੇ ਵਿੱਚ ਹਰਿਆਵਲ ਫੈਲਾਉਣ ਦੇ ਮਕਸਦ ਨਾਲ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਸ਼ਨਿਚਰਵਾਰ ਨੂੰ ਸਰਾਭਾ ਨਗਰ ਨਗਰ ਨਿਗਮ ਜ਼ੋਨ ਡੀ ਦਫ਼ਤਰ ਦੇ ਨਾਲ ਬਣ ਲਈਅਰ ਵੈਲੀ ਦਾ ਉਦਘਾਟਨ ਕੀਤਾ।
ਦੱਸਣਯੋਗ ਹੈ ਕਿ 6.75 ਏਕੜ ਵਿੱਚ ਫੈਲੀ ਇਸ ਲਈਅਰ ਵੈਲੀ ਵਿੱਚ 3 ਰੇਨ ਵਾਟਰ ਹਾਰਵੈਸਟਿੰਗ ਸਿਸਟਮ, 500 ਸਜਾਵਟੀ ਬੂਟਿਆਂ ਸਣੇ 7700 ਤੋਂ ਵੱਧ ਪੌਦੇ, ਬੱਚਿਆਂ ਲਈ ਝੂਲੇ ਅਤੇ ਵਸਨੀਕਾਂ ਲਈ ਹੋਰ ਸਹੂਲਤਾਂ ਸ਼ਾਮਲ ਹਨ। ਬੱਚਿਆਂ ਦੇ ਲਈ ਵੱਖਰੀ ਥਾਂ ਵੀ ਬਣਾਈ ਗਈ ਹੈ। ਗ੍ਰੀਨ ਬੈਲਟ ਵਿੱਚ ਬੈਠਣ ਵਾਲੀਆਂ ਥਾਵਾਂ ਤੋਂ ਇਲਾਵਾ ਸਵੇਰ ਤੇ ਸ਼ਾਮ ਸੈਰ ਕਰਨ ਵਾਲਿਆਂ ਦੀ ਸਹੂਲਤ ਲਈ 10 ਫੁੱਟ ਚੌੜਾ ਫੁੱਟਪਾਥ ਬਣਾਇਆ ਗਿਆ ਹੈ। ਫੁੱਟਪਾਥ ਦੀ ਕੁੱਲ ਲੰਬਾਈ 1050 ਮੀਟਰ ਹੈ। ਢੁਕਵੀਂ ਰੋਸ਼ਨੀ ਯਕੀਨੀ ਬਣਾਉਣ ਲਈ ਲਈਅਰ ਵੈਲੀ ਵਿੱਚ ਕੁੱਲ 110 ਐਲਈਡੀ ਲਾਈਟਾਂ ਵੀ ਲਗਾਈਆਂ ਗਈਆਂ ਹਨ।
ਲੁੁਧਿਆਣਾ ਸਮਾਰਟ ਸਿਟੀ ਮਿਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ 3.19 ਕਰੋੜ ਰੁਪਏ ਦੀ ਲਾਗਤ ਨਾਲ ਲਈਅਰ ਵੈਲੀ ਬਣਾਈ ਗਈ ਹੈ। ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਵਿੱਚ ਵੱਧ ਤੋਂ ਵੱਧ ਗ੍ਰੀਨ ਏਰੀਆ ਬਣਾਇਆ ਜਾ ਰਿਹਾ ਹੈ। ਵਿਧਾਇਕ ਗੋਗੀ ਨੇ ਕਿਹਾ ਕਿ ਪ੍ਰਦੂਸ਼ਣ ਨੂੰ ਲੈ ਕੇ ਵੱਧ ਰਹੀ ਚਿੰਤਾ ਦੇ ਵਿਚਕਾਰ ਹਲਕੇ ਵਿੱਚ ਹਰਿਆਵਲ ਫੈਲਾਉਣਾ ਉਨ੍ਹਾਂ ਦਾ ਮੁੱਖ ਮਕਸਦ ਹੈ। ਲਈਅਰਵੈਲੀ ਵਿੱਚ ਤਿੰਨ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੀ ਲਗਾਏ ਗਏ ਹਨ ਜੋ ਜ਼ਮੀਨੀ ਪਾਣੀ ਨੂੰ ਰੀਚਾਰਜ ਕਰਨ ਵਿੱਚ ਮਦਦ ਕਰਨਗੇ। ਇਸੇ ਇਲਾਕਾ ਵਾਸੀਆਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਵਿਹਲਾ ਸਮਾਂ ਚੰਗੇ ਤਰੀਕੇ ਦੇ ਨਾਲ ਬਿਤਾ ਸੱਕਣਗੇ। ਵਿਧਾਇਕ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੁਧਿਆਣਾ ਪੱਛਮੀ ਹਲਕੇ ਵਿੱਚ ਵੱਡੇ ਪੱਧਰ ‘ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ।