ਸਰੀ ਵਿਖੇ ਅੰਤਰਰਾਸ਼ਟਰੀ ਵਿਦਿਆਰਥੀ ਯੂਨੀਅਨ ਦਫ਼ਤਰ ਦਾ ਉਦਘਾਟਨ
ਹਰਦਮ ਮਾਨ
ਸਰੀ: ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੁਸਾਇਟੀ (ਪਿਕਸ) ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮਦਦ ਕਾਰਜ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਆਪਣੀ ਇਮਾਰਤ ਵਿੱਚ ਇੰਟਰਨੈਸ਼ਨਲ ਸਟੂਡੈਂਟ ਯੂਨੀਅਨ (ਆਈਐੱਸਯੂ) ਦਾ ਦਫ਼ਤਰ ਸਥਾਪਿਤ ਕੀਤਾ ਗਿਆ ਹੈ। ਇਸ ਦਫ਼ਤਰ ਦਾ ਉਦਘਾਟਨ ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਕੀਤਾ। ਇਸ ਮੌਕੇ ਵੈਨਕੂਵਰ ਵਿੱਚ ਭਾਰਤ ਦੇ ਕੌਂਸਲ ਜਨਰਲ ਮਨੀਸ਼, ਸਰੀ ਬੋਰਡ ਆਫ ਟਰੇਡ ਦੇ ਪ੍ਰਧਾਨ ਅਨੀਤਾ ਹਬਰਮੈਨ, ਪਿਕਸ ਦੇ ਸੀਈਓ ਸਤਬੀਰ ਚੀਮਾ, ਆਈਐੱਸਯੂ ਦੇ ਪ੍ਰਧਾਨ ਜਸ਼ਨਪ੍ਰੀਤ ਸਿੰਘ, ਪਿਕਸ ਬੋਰਡ ਦੇ ਮੈਂਬਰ ਅਤੇ ਸੁਸਾਇਟੀ ਦੇ ਹੋਰ ਆਗੂ ਮੌਜੂਦ ਸਨ।
ਇਸ ਮੌਕੇ ਮੇਅਰ ਬ੍ਰੈਂਡਾ ਲੌਕ ਨੇ ਅੰਤਰਰਾਸ਼ਟਰੀ ਵਿਦਿਆਰਥੀ ਯੂਨੀਅਨ ਨੂੰ ਇਹ ਥਾਂ, ਸੇਵਾਵਾਂ ਅਤੇ ਪ੍ਰੋਗਰਾਮ ਪ੍ਰਦਾਨ ਕਰਨ ਲਈ ਪਿਕਸ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਯਕੀਨਨ ਉਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਅਤੇ ਪ੍ਰਬੰਧਕੀ ਸੇਵਾਵਾਂ ਪ੍ਰਦਾਨ ਕਰੇਗਾ ਜੋ ਸਰੀ ਨੂੰ ਆਪਣਾ ਘਰ ਕਹਿੰਦੇ ਹਨ। ਇਹ ਨੌਜਵਾਨ ਆਪਣੇ ਭਵਿੱਖ ਲਈ ਉਮੀਦਾਂ ਅਤੇ ਵਾਅਦਿਆਂ ਨਾਲ ਸਾਡੇ ਦੇਸ਼ ਵਿੱਚ ਆਉਂਦੇ ਹਨ। ਪਿਕਸ ਦਾ ਇਹ ਕਦਮ ਵਿਦਿਆਰਥੀਆਂ ਨੂੰ ਸਰੋਤ ਲੱਭਣ, ਸੱਭਿਆਚਾਰਕ ਨਿਯਮਾਂ ਨੂੰ ਸਮਝਣ ਅਤੇ ਸੁਰੱਖਿਅਤ ਰੱਖਣ ਵਿੱਚ ਮਦਦਗਾਰ ਸਾਬਤ ਹੋਵੇਗਾ।
ਕੌਂਸਲ ਜਨਰਲ ਮਨੀਸ਼ ਨੇ ਕਿਹਾ ਕਿ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਲਗਭਗ 25% ਬ੍ਰਿਟਿਸ਼ ਕੋਲੰਬੀਆ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਵੱਡਾ ਹਿੱਸਾ ਗ੍ਰੇਟਰ ਵੈਨਕੂਵਰ ਖੇਤਰ ਦੇ ਆਲੇ-ਦੁਆਲੇ ਵਸਦਾ ਹੈ। ਪਿਕਸ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਸੀ ਸਾਂਝੇਦਾਰੀ ਬਣਾਉਣ ਅਤੇ ਸਲਾਹ ਪ੍ਰਦਾਨ ਕਰਨ ਲਈ ਕੀਤੀ ਗਈ ਇਹ ਪਹਿਲ ਸ਼ਲਾਘਾਯੋਗ ਹੈ।
ਪਿਕਸ ਦੇ ਸੀ.ਈ.ਓ. ਅਤੇ ਪ੍ਰਧਾਨ ਸਤਬੀਰ ਚੀਮਾ ਨੇ ਕਿਹਾ ਕਿ ਸੀਮਤ ਸਰਕਾਰੀ ਫੰਡਿੰਗ ਦੀਆਂ ਚੁਣੌਤੀਆਂ ਦੇ ਬਾਵਜੂਦ, ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੀ ਮਦਦ ਲਈ ਵਚਨਬੱਧ ਰਹੇ ਹਾਂ। ਉਨ੍ਹਾਂ ਲਈ ਨੌਕਰੀਆਂ ਸੁਰੱਖਿਅਤ ਕਰਨ ਅਤੇ ਕੈਨੇਡਾ ਵਿੱਚ ਸਫਲਤਾਪੂਰਵਕ ਸੈਟਲ ਹੋਣ ਵਿੱਚ ਮਦਦ ਕਰਨ ਲਈ ਪਿਕਸ ਵੱਲੋਂ 8 ਵੱਖ ਵੱਖ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਸਰੀ ਬੋਰਡ ਆਫ ਟਰੇਡ ਦੇ ਪ੍ਰਧਾਨ ਅਨੀਤਾ ਹਿਊਬਰਮੈਨ ਨੇ ਕਿਹਾ ਕਿ ਪਿਕਸ ਦਾ ਕਦਮ ਦਰਸਾਉਂਦਾ ਹੈ ਕਿ ਪਿਕਸ ਵਿਦਿਆਰਥੀਆਂ ਲਈ ਇੱਕ ਸਹਾਇਕ ਈਕੋਸਿਸਟਮ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਅੰਤਰਰਾਸ਼ਟਰੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਜਸ਼ਨਪ੍ਰੀਤ ਸਿੰਘ ਨੇ ਪਿਕਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਸਥਾਨਕ ਭਾਈਚਾਰੇ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਾੜੇ ਨੂੰ ਭਰਨਾ ਚਾਹੁੰਦੇ ਹਾਂ। ਇਸ ਮੌਕੇ ਇੰਡੀਅਨ ਕੌਸਲੇਟ ਅਧਿਕਾਰੀ ਰਾਹੁਲ ਨੇਗੀ, ਇਵਾਨ ਸਕੌਟ, ਪਰਮਿੰਦਰ ਥਿੰਦ, ਡਾ. ਜਸਵਿੰਦਰ ਸਿੰਘ ਦਿਲਾਵਰੀ, ਅੰਮ੍ਰਿਤ ਢੋਟ, ਹੈਰੀ ਕੂਨਰ, ਹਰਪ੍ਰੀਤ ਸਿੰਘ ਤੇ ਸਟੂਡੈਂਟਸ ਯੂਨੀਅਨ ਦੇ ਆਗੂ ਹਾਜ਼ਰ ਸਨ।
ਜਮੀਲ ਅਹਿਮਦ ਪਾਲ, ਬਲੀਜੀਤ ਅਤੇ ਜ਼ੁਬੈਰ ਅਹਿਮਦ ਦਾ ਸਨਮਾਨ
ਜਮੀਲ ਅਹਿਮਦ ਪਾਲ ਨੇ ਆਪਣੀ ਜਾਣ ਪਛਾਣ ਕਰਾਉਂਦਿਆਂ ਢਾਹਾਂ ਪੁਰਸਕਾਰ ਹਾਸਲ ਕਰਨ ਵਾਲੀ ਕਹਾਣੀਆਂ ਦੀ ਕਿਤਾਬ ‘ਮੈਂਡਲ ਦਾ ਕਾਨੂੰਨ’ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਦੀਆਂ ਕਹਾਣੀਆਂ ਦੇ ਵਿਸ਼ੇ ਆਮ ਜ਼ਿੰਦਗੀ ਨਾਲ ਸਬੰਧਤ ਹਨ। ਢਾਹਾਂ ਪੁਰਸਕਾਰ ਦੇ ਦੂਜੇ ਵਿਜੇਤਾ ਕਹਾਣੀਕਾਰ ਬਲੀਜੀਤ ਨੇ ਦੱਸਿਆ ਕਿ ਲਗਾਤਾਰ 10 ਸਾਲ ਦੇ ਸੰਘਰਸ਼ ਬਾਅਦ ਕਹਾਣੀ ਖੇਤਰ ਵਿੱਚ ਉਹ ਪੈਰ ਧਰਨ ਦੇ ਕਾਬਲ ਹੋਏ। ਉਨ੍ਹਾਂ ਢਾਹਾਂ ਪੁਰਸਕਾਰ ਪ੍ਰਾਪਤ ਆਪਣੀ ਪੁਸਤਕ ‘ਉੱਚੀਆਂ ਅਵਾਜ਼ਾਂ’ ਵਿਚਲੀਆਂ ਕਹਾਣੀਆਂ ਬਾਰੇ ਵੀ ਸੰਖੇਪ ਵਿੱਚ ਗੱਲਬਾਤ ਕੀਤੀ।
ਦੋ ਵਾਰ ਢਾਹਾਂ ਐਵਾਰਡ ਪ੍ਰਾਪਤ ਕਰਨ ਵਾਲੇ ਅਤੇ ਢਾਹਾਂ ਐਵਾਰਡ ਸਲਾਹਕਾਰ ਕਮੇਟੀ ਦੇ ਚੇਅਰਮੈਨ ਜ਼ੁਬੈਰ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਬਹੁਤ ਸਾਰਾ ਉਰਦੂ ਵਿੱਚ ਲਿਖਿਆ, ਪਰ ਜਦੋਂ ਉਨ੍ਹਾਂ ਦੇ ਇੱਕ ਗੁਰੂ ਨੇ ਤਨਜ਼ ਕਸਿਆ ਕਿ ਉਰਦੂ ਵਿੱਚ ਤਾਂ ਬਹੁਤ ਲੋਕ ਲਿਖ ਰਹੇ ਹਨ, ਪੰਜਾਬੀ ਵਿੱਚ ਕੌਣ ਲਿਖੇਗਾ? ਤਾਂ ਉਹ ਪੰਜਾਬੀ ਵਿੱਚ ਲਿਖਣ ਲਈ ਪ੍ਰੇਰਿਤ ਹੋਏ ਅਤੇ ਫਿਰ ਕਦੇ ਉਰਦੂ ਵੱਲ ਮੂੰਹ ਨਹੀਂ ਕੀਤਾ। 2003 ਵਿੱਚ ਉਨ੍ਹਾਂ ਦੀ ਕਹਾਣੀਆਂ ਦੀ ਪਹਿਲੀ ਕਿਤਾਬ ‘ਮੀਂਹ ਬੂਹੇ ਤੇ ਬਾਰੀਆਂ’ ਛਪੀ, 2013 ਵਿੱਚ ‘ਕਬੂਤਰ ਬਨੇਰੇ ਤੇ ਗਲੀਆਂ’ ਪ੍ਰਕਾਸ਼ਿਤ ਹੋਈ ਜਿਸ ਨੂੰ 2014 ਵਿੱਚ ਢਾਹਾਂ ਐਵਾਰਡ ਮਿਲਿਆ ਅਤੇ 2019 ਵਿੱਚ ‘ਪਾਣੀ ਦੀ ਕੰਧ’ ਕਹਾਣੀ ਸੰਗ੍ਰਹਿ ਛਪਿਆ। ਉਨ੍ਹਾਂ ਆਪਣੀਆਂ ਦੋ ਕਹਾਣੀਆਂ ਦੇ ਦਿਲਚਸਪ ਬਿਰਤਾਂਤ ਵੀ ਸੁਣਾਏ।
ਅੰਤ ਵਿੱਚ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਅਤੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਤਿੰਨਾਂ ਲੇਖਕਾਂ ਦਾ ਸਨਮਾਨ ਕੀਤਾ ਗਿਆ ਅਤੇ ਪੁਸਤਕਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਪੱਤਰਕਾਰ ਹਰਪ੍ਰੀਤ ਸਿੰਘ, ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸੈਕਟਰੀ ਸੁਰਿੰਦਰ ਸਿੰਘ ਜੱਬਲ, ਕੇਂਦਰੀ ਪੰਜਾਬੀ ਲੇਖਕ ਸਭ ਦੇ ਸਾਬਕਾ ਪ੍ਰਧਾਨ ਬਿੱਕਰ ਸਿੰਘ ਖੋਸਾ, ਜਰਨੈਲ ਸਿੰਘ ਸਿੱਧੂ, ਪੁਨੀਤ ਅਤੇ ਜਸਪਾਲ ਕੌਰ ਅਨੰਤ ਵੀ ਮੌਜੂਦ ਸਨ।
ਸੰਪਰਕ: 1 604 308 6663