For the best experience, open
https://m.punjabitribuneonline.com
on your mobile browser.
Advertisement

ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਗੁਰੂ ਨਾਨਕ ਸਟੇਡੀਅਮ ਦਾ ਉਦਘਾਟਨ

08:18 AM Mar 14, 2024 IST
ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਗੁਰੂ ਨਾਨਕ ਸਟੇਡੀਅਮ ਦਾ ਉਦਘਾਟਨ
ਲੁਧਿਆਣਾ ਵਿੱਚ ਗੁਰੂ ਨਾਨਕ ਸਟੇਡੀਅਮ ਦਾ ਉਦਘਾਟਨ ਕਰਦੇ ਹੋਏ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ। -ਫੋਟੋ: ਅਸ਼ਵਨੀ ਧੀਮਾਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਮਾਰਚ
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਇੱਥੇ ਗੁਰੂ ਨਾਨਕ ਸਟੇਡੀਅਮ ਦਾ ਉਦਘਾਟਨ ਕੀਤਾ। ਲੁਧਿਆਣਾ ਪੁਲੀਸ ਵੱਲੋਂ ਮੰਗਲਵਾਰ ਨੂੰ ਘਰ ’ਚ ਹੀ ਨਜ਼ਰਬੰਦ ਕਰਨ ਤੋਂ ਬਾਅਦ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਫਿਰ ਉਦਘਾਟਨ ਕਾਰਜਾਂ ’ਤੇ ਨਿਕਲੇ ਸਨ। ਲੋਕ ਸਭਾ ਮੈਂਬਰ ਬਿੱਟੂ ਅੱਜ ਸਾਬਕਾ ਕੌਂਸਲਰ ਮਮਤਾ ਆਸ਼ੂ ਨਾਲ ਗੁਰੂ ਨਾਨਕ ਸਟੇਡੀਅਮ ਦਾ ਉਦਘਾਟਨ ਕਰਨ ਲਈ ਪੁੱਜ ਗਏ। ਇਸ ਦੌਰਾਨ ਸ੍ਰੀ ਬਿੱਟੂ ਨੇ ਕਿਹਾ ਕਿ ਉਹ ਪੰਜਾਬ ’ਚ ਖੇਡਾਂ ਅਤੇ ਖਿਡਾਰੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਅਤੇ ਇਸ ਸਬੰਧੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਅੱਜ ਉਹ ਉਸ ਟਰੈਕ ਦਾ ਉਦਘਾਟਨ ਕੀਤਾ ਹੈ, ਜੋ ਪਿਛਲੇ ਮਹੀਨੇ ਤੋਂ ਬਣ ਕੇ ਤਿਆਰ ਹੈ। ਵਿਸ਼ਵ ਪੱਧਰੀ ਸਟੇਡੀਅਮ ਦੀ ਕਲਪਨਾ ਤੇ ਉਸਾਰੀ ਕਾਂਗਰਸ ਸਰਕਾਰ ਨੇ ਕੀਤੀ ਸੀ। ਇਸ ’ਚ ਅਥਲੈਟਿਕ ਟਰੈਕ, ਫੁਟਬਾਲ ਮੈਦਾਨ ਤੇ ਹੋਰ ਕਈ ਸੁਵਿਧਾਵਾਂ ਹਨ। ਇਨ੍ਹਾਂ ’ਤੇ ਸਮਾਰਟ ਸਿਟੀ ਮਿਸ਼ਨ ਤਹਿਤ 8.5 ਕਰੋੜ ਖ਼ਰਚੇ ਗਏ ਹਨ। ਸ੍ਰੀ ਬਿੱਟੂ ਨੇ ਕਿਹਾ ਕਿ ਅੱਜ ਉਨ੍ਹਾਂ ਇਸ ਸਟੇਡੀਅਮ ਨੂੰ ਜਨਤਾ ਅਤੇ ਖਿਡਾਰੀਆਂ ਲਈ ਖੋਲ੍ਹ ਦਿੱਤਾ ਹੈ। ਇਹ ਲੁਧਿਆਣਾ ਤੇ ਪੰਜਾਬ ਦੇ ਲੋਕਾਂ ਲਈ ਇੱਕ ਤੋਹਫ਼ਾ ਹੈ।
ਉਹ ਹਲਕਾ ਪੂਰਬੀ ’ਚ ਉਸੇ ਕਮਿਊਨਿਟੀ ਸੈਂਟਰ ਦਾ ਦੌਰਾ ਕਰਨ ਪੁੱਜ ਗਏ, ਜਿਸ ਲਈ ਲੁਧਿਆਣਾ ਪੁਲੀਸ ਵੱਲੋਂ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ। ਸ਼ੱਕ ਸੀ ਕਿ ਸੰਸਦ ਮੈਂਬਰ ਬਿੱਟੂ ਇਸ ਦਾ ਉਦਘਾਟਨ ਕਰਨਗੇ, ਪਰ ਕਾਂਗਰਸ ਪਹਿਲਾਂ ਹੀ ਇਸ ਆਖ ਚੁੱਕੀ ਹੈ ਕਿ ਸੰਸਦ ਮੈਂਬਰ ਕਾਂਗਰਸ ਸਰਕਾਰ ਸਮੇਂ ਸ਼ੁਰੂ ਹੋਏ ਇਨ੍ਹਾਂ ਪ੍ਰਾਜੈਕਟਾਂ ਦਾ ਦੌਰਾ ਕਰਨ ਲਈ ਪੁੱਜੇ ਸਨ। ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਉਨ੍ਹਾਂ ਕਮਿਊਨਿਟੀ ਸੈਂਟਰ ਦਾ ਦੌਰਾ ਕਰਨ ਤੋਂ ਬਾਅਦ ਟਿੱਬਾ ਥਾਣੇ ਕੋਲ ਬਣਾਏ 66 ਕੇਵੀ ਸਬ-ਸਟੇਸ਼ਨ ਤੇ ਇਲਾਕੇ ’ਚ ਚੱਲ ਰਹੇ ਸਕੂਲਾਂ ਦੇ ਵਿਕਾਸ ਕੰਮਾਂ ਦਾ ਵੀ ਜਾਇਜ਼ਾ ਲਿਆ ਹੈ।
ਜ਼ਿਲ੍ਹਾ ਕਾਂਗਰਸ ਦੇ ਵੱਲੋਂ ਮੰਗਲਵਾਰ ਸਵੇਰੇ ਇੱਕ ਸੁਨੇਹਾ ਲਾਇਆ ਗਿਆ ਸੀ ਕਿ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ ’ਚ ਥਾਣਾ ਡਿਵੀਜ਼ਨ ਨੰਬਰ-7 ਨਾਲ ਬਣਨ ਵਾਲੇ ਕਮਿਊਨਿਟੀ ਸੈਂਟਰ ਦਾ ਦੌਰਾ ਕੀਤਾ ਜਾਵੇਗਾ। ਸਰਕਾਰ ਨੂੰ ਸ਼ੱਕ ਸੀ ਕਿ ਸੰਸਦ ਮੈਂਬਰ ਇਸ ਦਾ ਉਦਘਾਟਨ ਕਰ ਸਕਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਕੋਠੀ ’ਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੰਸਦ ਮੈਂਬਰ ਬਿੱਟੂ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਹਲਕਾ ਪੂਰਬੀ ਤੋਂ ਸਾਬਕਾ ਵਿਧਾਇਕ ਸੰਜੇ ਤਲਵਾੜ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ। ਮੰਗਲਵਾਰ ਦੇਰ ਰਾਤ ਦੋਵਾਂ ਨੂੰ ਨਜ਼ਰਬੰਦ ਤੋਂ ਰਿਹਾਅ ਕਰ ਦਿੱਤਾ ਗਿਆ। ਬੁੱਧਵਾਰ ਨੂੰ ਫਿਰ ਤੋਂ ਸ੍ਰੀ ਬਿੱਟੂ ਤੇ ਸੰਜੇ ਤਲਵਾੜ ਇਕੱਠੇ ਕਮਿਊਨਿਟੀ ਸੈਂਟਰ ਪੁੱਜੇ। ਜਿੱਥੇ ਉਨ੍ਹਾਂ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਦੋਵਾਂ ਆਗੂਆਂ ਨੇ ਦੋਸ਼ ਲਾਇਆ ਕਿ ਇਸ ਕੰਮ ਨੂੰ ਪੂਰਾ ਹੋਏ 1 ਸਾਲ ਲੰਘ ਗਿਆ ਹੈ, ਹੁਣ ਉਹ ਉਡੀਕ ਕਰ ਰਹੇ ਹਨ ਕਿ ਕਦੋਂ ਇਸ ਕਮਿਊਨਿਟੀ ਸੈਂਟਰ ਦਾ ਉਦਘਾਟਨ ਕਰਨ ਲਈ ‘ਆਪ’ ਨੂੰ ਸਮਾਂ ਮਿਲੇ ਅਤੇ ਉਹ ਸਿਹਰਾ ਲੈ ਸਕਣ। ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਕਾਫ਼ੀ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਸਨ, ਜਿਨ੍ਹਾਂ ਦਾ ਕੰਮ ਪੂਰਾ ਹੋਏ ਨੂੰ ਵੀ ਲਗਪਗ 1 ਸਾਲ ਹੋ ਗਿਆ ਹੈ ਪਰ ਉਨ੍ਹਾਂ ਦਾ ਉਦਘਾਟਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕਈ ਪ੍ਰਾਜੈਕਟਾਂ ਦਾ ਕੰਮ ‘ਆਪ’ ਨੇ ਰੁਕਵਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਲਈ ਆਵਾਜ਼ ਚੁੱਕਣਗੇ।

Advertisement

ਬਿੱਟੂ ਨੇ ਅਧੂਰੇ ਸਟੇਡੀਅਮ ਦਾ ਉਦਘਾਟਨ ਕੀਤਾ: ਗੋਗੀ

ਲੁਧਿਆਣਾ: ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਨੇ ਸੰਸਦ ਮੈਂਬਰ ਬਿੱਟੂ ’ਤੇ ਦੋਸ਼ ਲਗਾਏ ਕਿ ਉਨ੍ਹਾਂ ਨੇ ਅਧੂਰੇ ਸਟੇਡੀਅਮ ਦਾ ਹੀ ਉਦਘਾਟਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਿੱਟੂ ਬੱਚਿਆਂ ਵਰਗੀਆਂ ਹਰਕਤਾਂ ਕਰ ਰਹੇ ਹਨ। ਉਨ੍ਹਾਂ ਦਾ ਮਕਸਦ ਸਿਰਫ਼ ਆਸਾਨੀ ਨਾਲ ਵਾਹਵਾਹੀ ਲੁੱਟਣਾ ਹੈ। ਉਨ੍ਹਾਂ ਕਿਹਾ ਕਿ ਸਟੇਡੀਅਮ ਦਾ ਐਸਟੀਮੇਟ ਅਗਸਤ 2022 ਵਿੱਚ ਬਣਾਇਆ ਸੀ, ਜੋ ਵਿਧਾਇਕ ਕੋਟੇ ਦਾ ਕੰਮ ਹੈ। ਇਸ ਤੋਂ ਬਾਅਦ 7 ਕਰੋੜ ਰੁਪਏ ਦਾ ਟੈਂਡਰ ਫਰਵਰੀ 2023 ਵਿੱਚ ਲਗਾਇਆ ਗਿਆ, ਜੋ ਨਗਰ ਨਿਗਮ ਲੁਧਿਆਣਾ ਕਰਵਾ ਰਿਹਾ ਹੈ ਅਤੇ ਇਸ ਦਾ ਕੰਮ ਹਾਲੇ ਕੰਮ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ੍ਰੀ ਬਿੱਟੂ ਆਪਣੀ ਸਿਆਸਤ ਚਮਕਾਉਣ ਦੇ ਚੱਕਰ ਵਿੱਚ ਉਦਘਾਟਨ ਕਰਨ ਪੁੱਜ ਗਏ।

Advertisement
Author Image

sukhwinder singh

View all posts

Advertisement
Advertisement
×