For the best experience, open
https://m.punjabitribuneonline.com
on your mobile browser.
Advertisement

ਖੁੱਡੀਆਂ ਵੱਲੋਂ ਸਰਕਾਰੀ ਮੱਛੀ ਪੂੰਗ ਫਾਰਮ ਦਾ ਉਦਘਾਟਨ

10:39 AM Mar 11, 2024 IST
ਖੁੱਡੀਆਂ ਵੱਲੋਂ ਸਰਕਾਰੀ ਮੱਛੀ ਪੂੰਗ ਫਾਰਮ ਦਾ ਉਦਘਾਟਨ
ਮੱਛੀ ਪੂੰਗ ਫਾਰਮ ਦਾ ਉਦਘਾਟਨ ਕਰਦੇ ਹੋਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ।
Advertisement

ਰਾਜਿੰਦਰ ਕੁਮਾਰ
ਬੱਲੂਆਣਾ, 10 ਮਾਰਚ
ਪੰਜਾਬ ਦੇ ਖੇਤੀਬਾੜੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਪਿੰਡ ਕਿਲਿਆਂਵਾਲੀ ਵਿੱਚ ਸਰਕਾਰੀ ਮੱਛੀ ਪੂੰਗ ਫਾਰਮ ਦਾ ਉਦਘਾਟਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵਾਧੇ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਖੇਤੀ ਵਿੱਚ ਹੋਰ ਆਮਦਨ ਵਾਧਾ ਸੰਭਵ ਨਹੀਂ ਇਸ ਲਈ ਕਿਸਾਨਾਂ ਨੂੰ ਸਹਾਇਕ ਧੰਦਿਆਂ ਨਾਲ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਖੁਡੀਆਂ ਨੇ ਦੱਸਿਆ ਕਿ ਇਸ ਮੱਛੀ ਫੂੰਗ ਫਾਰਮ ’ਤੇ 10.10 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਹ ਪੰਜਾਬ ਦਾ 16ਵਾਂ ਸਰਕਾਰੀ ਮੱਛੀ ਪੂੰਗ ਫਾਰਮ ਹੈ ਜੋ ਕਿ 15 ਏਕੜ ਵਿੱਚ ਫੈਲਿਆ ਹੋਇਆ ਹੈ। ਉਨ੍ਹਾਂ ਅਬੋਹਰ ਦੀ ਪੰਜਾਬ ਐਗਰੋ ਦੇ ਫੂਡ ਪ੍ਰੋਸੈਸਿੰਗ ਯੂਨਿਟ ਦੀ ਸਮਰੱਥਾ ਨੂੰ ਵਧਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਅਬੋਹਰ ਵਿੱਚ ਮਿਰਚ ਦਾ ਪ੍ਰੋਸੈਸਿੰਗ ਪਲਾਂਟ ਸਥਾਪਤ ਕੀਤਾ ਜਾਵੇਗਾ ਅਤੇ ਇਸ ਸਬੰਧੀ ਪੰਜਾਬ ਦੇ ਬਜਟ ਵਿੱਚ ਬਕਾਇਦਾ ਐਲਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਾਲਵਾ ਨਹਿਰ ਨਾਂ ਦੀ ਇੱਕ ਤੀਜੀ ਨਹਿਰ ਜੋੜੀਆਂ ਨਹਿਰਾਂ ਦੇ ਨਾਲ ਕੱਢੀ ਜਾਵੇਗੀ ਜਿਸ ਨਾਲ 1,78,000 ਏਕੜ ਰਕਬੇ ਨੂੰ ਪੂਰਾ ਸਿੰਚਾਈ ਪਾਣੀ ਮਿਲੇਗਾ। ਉਨ੍ਹਾਂ ਪਿੰਡ ਕਿੱਲਿਆਂਵਾਲੀ ਵਿੱਚ ਦਾਣਾ ਮੰਡੀ ਬਣਾਉਣ ਦੀ ਮੰਗ ਸਮੇਤ ਪਿੰਡ ਵਾਸੀਆਂ ਦੀਆਂ ਹੋਰ ਮੰਗਾਂ ਮੰਨਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਮੱਛੀ ਪੂੰਗ ਫਾਰਮ ਸ਼ੁਰੂ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਦਾ ਧੰਨਵਾਦ ਕੀਤਾ।

Advertisement

ਵਿਧਾਇਕ ਨੇ ਕਬੂਲ ਸ਼ਾਹ ਮਾਈਨਰ ਦਾ ਉਦਘਾਟਨ ਕੀਤਾ

ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਕਬੂਲ ਸ਼ਾਹ ਮਾਈਨਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਟੇਲਾਂ ਤੱਕ ਪੂਰਾ ਪਾਣੀ ਪੁੱਜਦਾ ਕਰਨ ਦੇ ਉਦੇਸ਼ ਨਾਲ ਲਗਾਤਾਰ ਨਹਿਰੀ ਢਾਂਚੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਇਸੇ ਤਹਿਤ 25 ਕਰੋੜ ਰੁਪਏ ਦੀ ਲਾਗਤ ਨਾਲ ਸਦਰਨ ਡਿਸਟਰੀਬਿਊਟਰੀ ਨੂੰ ਕੰਕਰੀਟ ਲਾਈਨਿੰਗ ਰਾਹੀਂ ਪੱਕਾ ਕੀਤਾ ਜਾ ਚੁੱਕਾ ਹੈ। ਇਸ ਮੌਕੇ ਵਿਧਾਇਕ ਸਵਨਾ ਨੇ ਦੱਸਿਆ ਕਿ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਨੂੰ ਸਦਰਨ ਡਿਸਟਰੀਬਿਊਟਰੀ ’ਚੋਂ ਨਿਕਲਦੀਆਂ ਨਹਿਰਾਂ ਰਾਹੀਂ ਪਾਣੀ ਦੀ ਸਪਲਾਈ ਹੁੰਦੀ ਹੈ। ਇਹ ਨਹਿਰ ਬਹੁਤ ਸਮੇਂ ਤੋਂ ਟੁੱਟ ਚੁੱਕੀ ਸੀ ਅਤੇ ਪਹਿਲੀ ਵਾਰ ਹੈ ਕਿ ਸਰਕਾਰ ਨੇ ਇਸ ਨੂੰ ਕੰਕਰੀਟ ਲਾਈਨਿੰਗ ਦੁਆਰਾ ਨਵੇਂ ਸਿਰੇ ਤੋਂ ਬਣਾਇਆ ਹੈ। ਇਸ ਦੀ ਮੇਨ ਲਾਈਨ ਬਣ ਕੇ ਤਿਆਰ ਹੋ ਗਈ ਹੈ ਅਤੇ ਇਸ ’ਚੋਂ ਨਿਕਲਣ ਵਾਲੀਆਂ ਛੋਟੀਆਂ ਨਹਿਰਾਂ ਨੂੰ ਵੀ 17 ਕਰੋੜ ਰੁਪਏ ਦੇ ਹੋਰ ਪ੍ਰੋਜੈਕਟ ਨਾਲ ਇਸੇ ਸਾਲ ਪੱਕਾ ਕੀਤਾ ਜਾ ਰਿਹਾ ਹੈ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਲਈ ਕਿਸਾਨ ਪ੍ਰਮੁੱਖ ਤਰਜੀਹ ਹਨ। ਇਸੇ ਲਈ ਲਗਾਤਾਰ ਨਹਿਰੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

Advertisement
Author Image

Advertisement
Advertisement
×