ਪਿੰਡ ਰੱਲਾ ਵਿੱਚ ਮੁਫ਼ਤ ਲਾਇਬਰੇਰੀ ਦਾ ਉਦਘਾਟਨ
ਪੱਤਰ ਪ੍ਰੇਰਕ
ਮਾਨਸਾ, 15 ਮਈ
ਪਿੰਡ ਰੱਲਾ ਦੇ ਇਕ ਸਮਾਜ ਸੇਵੀ ਨੇ ਆਪਣੇ ਮਾਪਿਆਂ ਦੀ ਯਾਦ ਵਿਚ ਆਪਣੇ ਘਰ ਵਿਖੇ ਮੁਫ਼ਤ ਲਾਇਬਰੇਰੀ ਖੋਲ੍ਹਕੇ ਪਿੰਡ ਨੂੰ ਸਾਹਿਤ ਅਤੇ ਅਗਾਂਹਵਧੂ ਵਿਚਾਰਾਂ ਨਾਲ ਜੋੜਨ ਦੀ ਪਹਿਲ ਕੀਤੀ ਹੈ। ਪਿੰਡ ਵਾਸੀ ਸਮਾਜ ਸੇਵੀ ਰਾਮ ਸਿੰਘ ਰੱਲਾ ਨੇ ਆਪਣੇ ਪਿੰਡ ਵਿਖੇ ਆਪਣੇ ਘਰ ਵਿਚ ਹੀ 2 ਹਜ਼ਾਰ ਕਿਤਾਬਾਂ ਦੀ ਇਕ ਮੁਫ਼ਤ ਲਾਇਬਰੇਰੀ ਸਥਾਪਿਤ ਕੀਤੀ ਹੈ। ਉਸ ਨੇ ਪ੍ਰਣ ਲਿਆ ਕਿ ਆਉਂਦੇ ਸਮੇਂ ਵਿਚ ਉਹ ਇਸ ਲਾਇਬਰੇਰੀ ਅਤੇ ਘਰ ਦਾ ਟਰੱਸਟ ਬਣਾਕੇ ਇਸ ਨੂੰ ਪੂਰੇ ਪਿੰਡ ਨੂੰ ਸਮਰਪਿਤ ਕਰ ਦੇਵੇਗਾ। ਇਸ ਮੁਫ਼ਤ ਲਾਇਬਰੇਰੀ ਦਾ ਉਦਘਾਟਨ ਉਘੇ ਰੰਗਕਰਮੀ ਮਨਜੀਤ ਕੌਰ ਔਲਖ ਨੇ ਕੀਤਾ। ਸਮਾਜ ਸੇਵੀ ਰਾਮ ਸਿੰਘ ਰੱਲਾ ਨੇ ਆਪਣੀ ਮਾਤਾ ਗਿਆਨ ਕੌਰ, ਪਿਤਾ ਜਥੇਦਾਰ ਪੂਰਨ ਸਿੰਘ ਚੰਗਿਆੜਾ ਦੀ ਯਾਦ ਵਿਚ ਲਾਇਬਰੇਰੀ ਖੋਲ੍ਹੀ ਹੈ ਜਿਸ ਲਈ ਕੋਈ ਵੀ ਫੀਸ ਨਹੀਂ ਰੱਖੀ ਗਈ ਹੈ। ਮਾਤਾ ਮਨਜੀਤ ਕੌਰ ਔਲਖ ਨੇ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿਚ ਨੌਜਵਾਨਾਂ ਅੰਦਰੋਂ ਸਾਹਿਤ ਪੜ੍ਹਨ ਲਿਖਣ ਦੀ ਜਗਿਆਸਾ ਬਹੁਤ ਘੱਟ ਹੈ। ਇਸ ਮੌਕੇ ਸ਼ਿਵਚਰਨ ਦਾਸ ਸੂਚਨ, ਸੁਭਾਸ਼ ਬਿੱਟੂ, ਰਜਿੰਦਰ ਭੰਮਾ, ਮੱਖਣ ਲਾਲ, ਮੇਘਰਾਜ ਰੱਲਾ, ਬਲੌਰ ਸਿੰਘ ਰੱਲਾ ਤੇ ਜਾਗਰ ਸਿੰਘ ਵੀ ਮੌਜੂਦ ਸਨ।