ਪੰਜਾਬ ਦੇ ਅੱਠ ਹਸਪਤਾਲਾਂ ’ਚ ਡਾਇਲੇਸਿਸ ਕੇਂਦਰਾਂ ਦਾ ਉਦਘਾਟਨ
ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਸਤੰਬਰ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ 8 ਅਤਿ-ਆਧੁਨਿਕ ਡਾਇਲੇਸਿਸ ਸੈਂਟਰਾਂ ਦਾ ਉਦਘਾਟਨ ਕੀਤਾ। ਇਹ ਸਾਰੇ ਅੱਠ ਕੇਂਦਰ ‘ਹੰਸ ਫਾਊਂਡੇਸ਼ਨ ਦੇਹਰਾਦੂਨ’ ਦੇ ਸਹਿਯੋਗ ਨਾਲ ਸਥਾਪਤ ਕੀਤੇ ਗਏ ਹਨ। ਸਿਹਤ ਮੰਤਰੀ ਨੇ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਪਟਿਆਲਾ ਵਿਚ ਅਜਿਹੇ ਸੈਂਟਰ ਦਾ ਉਦਘਾਟਨ ਨਿੱਜੀ ਤੌਰ ’ਤੇ ਕੀਤਾ। ਜਦਕਿ ਅੰਮ੍ਰਿਤਸਰ, ਮਲੇਰਕੋਟਲਾ, ਮੋਗਾ, ਗੋਨਿਆਣਾ, ਫਾਜ਼ਿਲਕਾ, ਫਰੀਦਕੋਟ ਅਤੇ ਜਲੰਧਰ ਵਿਚਲੇ ਸੱਤ ਹੋਰ ਸਰਕਾਰੀ ਹਸਪਤਾਲਾਂ ਵਿਚਲੇ ਅਜਿਹੇ ਸੱਤ ਕੇਂਦਰਾਂ ਦਾ ਉਦਘਾਟਨ ਉਨ੍ਹਾਂ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਕੀਤਾ ਗਿਆ।
ਇਸ ਦੌਰਾਨ ਪਟਿਆਲਾ ਵਿੱਚ ਛੇ ਐੱਮਕੇਐੱਚ ਮਸ਼ੀਨਾਂ ਜਦਕਿ ਬਾਕੀ ਹਸਪਤਾਲਾਂ ਵਿੱਚ 3-3 ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ। ਇੱਕ-ਇੱਕ ਮਸ਼ੀਨ ਵਿਸ਼ੇਸ਼ ਤੌਰ ’ਤੇ ਐੱਚਆਈਵੀ ਪਾਜ਼ੇਟਿਵ ਮਰੀਜ਼ਾਂ ਲਈ ਰਾਖਵੀਂ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਮੌਜੂਦਾ ਸਮੇਂ ਸੂਬੇ ਵਿੱਚ 41 ਉਪ-ਮੰਡਲ ਹਸਪਤਾਲ ਅਤੇ 23 ਜ਼ਿਲ੍ਹਾ ਹਸਪਤਾਲ ਹਨ, ਜਿਨ੍ਹਾਂ ਵਿੱਚੋਂ 39 ਡਾਇਲੇਸਿਸ ਸਹੂਲਤਾਂ ਨਾਲ ਲੈਸ ਹਨ ਤੇ ਸੂਬਾ ਸਰਕਾਰ ਨੇ ਇਹ ਗਿਣਤੀ ਵਧਾ ਕੇ 64 ਕਰਨ ਦਾ ਟੀਚਾ ਰੱਖਿਆ ਹੈ। ਮੰਤਰੀ ਨੇ ਕਿਹਾ ਕਿ ਕੇਂਦਰਾਂ ਦੇ ਕੰਮਕਾਜ ਦੀ ਨਿਗਰਾਨੀ ਵੀ ਹੰਸ ਫਾਊਂਡੇਸ਼ਨ ਵੱਲੋਂ ਹੀ ਕੀਤੀ ਜਾਵੇਗੀ। ਬਲਬੀਰ ਸਿੰਘ ਨੇ ਕਿਹਾ ਕਿ ਕੋਈ ਵੀ ਮਰੀਜ਼ ਏਬੀਐੱਚਏ (ਆਭਾ) ਆਈਡੀ ਦੀ ਵਰਤੋਂ ਕਰਕੇ ਸੂਬੇ ਭਰ ’ਚ ਕਿਸੇ ਵੀ ਕੇਂਦਰ ਵਿੱਚ ਮੁਫ਼ਤ ਡਾਇਲੇਸਿਸ ਸਹੂਲਤ ਪ੍ਰਾਪਤ ਕਰ ਸਕਦਾ ਹੈ। ਡਾਇਲੇਸਿਸ ਤੋਂ ਇਲਾਵਾ, ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।
ਹਸਪਤਾਲਾਂ ’ਚ ਐੱਨਆਈਸੀਯੂ ਤੇ ਆਈਸੀਯੂ ਸਹੂਲਤਾਂ ਦੇਣ ਦਾ ਐਲਾਨ
ਸਿਹਤ ਮੰਤਰੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਨੂੰ ਐਮਰਜੈਂਸੀ ਸੇਵਾਵਾਂ, ਐੱਨਆਈਸੀਯੂ ਤੇ ਆਈਸੀਯੂ ਸਹੂਲਤਾਂ ਨਾਲ ਲੈਸ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਗ਼ੈਰ ਸਰਕਾਰੀ ਸੰਗਠਨਾਂ ਨੂੰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਤੇ ਮੈਡੀਕਲ ਸਿੱਖਿਆ ਖੇਤਰ ਵਿੱਚ ਪੰਜਾਬ ਸਰਕਾਰ ਨਾਲ ਸਹਿਯੋਗ ਕਰਨ ਦਾ ਸੱਦਾ ਵੀ ਦਿੱਤਾ ਹੈ।