ਕਿਰਨ ਖੇਰ ਵੱਲੋਂ ਵਿਕਾਸ ਕਾਰਜਾਂ ਦੇ ਉਦਘਾਟਨ
ਮੁਕੇਸ਼ ਕੁਮਾਰ
ਚੰਡੀਗੜ੍ਹ, 13 ਜੁਲਾਈ
ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ ਅੱਜ ਇਥੇ ਸੈਕਟਰ 50 ਵਿੱਚ ਗ੍ਰੀਨ ਬੈਲਟ (ਪਾਰਕ) ਅਤੇ ਚੰਡੀਗੜ੍ਹ ਸ਼ਹਿਰ ਤੋਂ ਫੈਦਾਂ ਪਿੰਡ ਨੂੰ ਜਾਣ ਵਾਲੇ ਰਸਤੇ ਨੂੰ ਜੋੜਨ ਵਾਲੇ ਐਨ-ਚੋਏ ’ਤੇ ਪੈਦਲ ਜਾਣ ਲਈ ਪੁਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨਗਰ ਨਿਗਮ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੈਕਟਰ 50 ਵਿੱਚ ਤਿਆਰ ਕੀਤੀ ਜਾ ਰਹੀ ਗਰੀਨ ਬੈਲਟ ਇਲਾਕੇ ਦੇ ਨੌਜਵਾਨਾਂ, ਬਜ਼ੁਰਗਾਂ ਅਤੇ ਬੱਚਿਆਂ ਸਮੇਤ ਹੋਰ ਸਾਰੇ ਲੋਕਾਂ ਲਈ ਲਾਹੇਵੰਦ ਹੋਵੇਗੀ। ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਹਰ ਸੈਕਟਰ ਨੂੰ ਸੁੰਦਰ ਬਣਾਉਣ ਲਈ ਗ੍ਰੀਨ ਬੈਲਟ ਦਾ ਵਿਕਾਸ ਕੀਤਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁੱਲ 4.38 ਏਕੜ ਰਕਬੇ ਵਿੱਚ ਫੈਲੀ ਇਸ ਗ੍ਰੀਟਨ ਬੈਲਟ ਦੇ ਵਿਕਾਸ ’ਤੇ 69 ਲੱਖ 49 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਹ ਕਾਰਜ ਅਗਲੇ ਛੇ ਮਹੀਨਿਆਂ ਵਿੱਚ ਪੂਰਾ ਕਰ ਲੈਣ ਦਾ ਟੀਚਾ ਰਖਿਆ ਗਿਆ ਹੈ। ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਫੈਦਾਂ ਪਿੰਡ ਨੂੰ ਜਾਂਦਾ ਪੁਲ ਪਿਛਲੇ ਦਨਿੀਂ ਪਏ ਮੀਂਹ ਕਾਰਨ ਨੁਕਸਾਨਿਆ ਗਿਆ ਸੀ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਸਮੇਤ ਸੀਨੀਅਰ ਡਿਪਟੀ ਮੇਅਰ ਕੰਵਰ ਰਾਣਾ, ਕੌਂਸਲਰ ਰਜਿੰਦਰ ਸ਼ਰਮਾ ਹਾਜ਼ਰ ਸਨ।
ਸੰਸਦ ਮੈਂਬਰ ਦਾ ਵਿਰੋਧ ਕਰਨ ਜਾਂਦੇ ‘ਆਪ’ ਕੌਂਸਲਰ ਹਿਰਾਸਤ ’ਚ ਲਏ
ਚੰਡੀਗੜ੍ਹ (ਟ੍ਰਬਿਿਊਨ ਨਿਊਜ਼ ਸਰਵਿਸ): ਚੰਡੀਗੜ੍ਹ ਦੇ ਪਿੰਡ ਫੈਦਾਂ ’ਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਆਉਣ ਵਾਲੇ ਸੰਸਦ ਮੈਂਬਰ ਕਿਰਨ ਖੇਰ ਦਾ ਵਿਰੋਧ ਕਰਨ ਜਾਂਦੇ ‘ਆਪ’ ਕੌਂਸਲਰਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਪਿੰਡ ਫੈਦਾਂ ਦੇ ਕੌਂਸਲਰ ਜਸਬੀਰ ਸਿੰਘ ਲਾਡੀ ਨੂੰ ਦੁਪਹਿਰ ਸਮੇਂ ਹੀ ਘਰੋਂ ਹਿਰਾਸਤ ’ਚ ਲੈ ਲਿਆ ਹੈ। ਜਦੋਂ ਕਿ ਕੌਂਸਲਰ ਦਮਨਪ੍ਰੀਤ ਨੂੰ ਸ਼ਾਮ ਸਮੇਂ ਘਰ ਦੇ ਬਾਹਰ ਤੋਂ ਹਿਰਾਸਤ ’ਚ ਲਿਆ। ਦੋਵਾਂ ਕੌਂਸਲਰਾਂ ਨੂੰ ਸੰਸਦ ਮੈਂਬਰ ਕਿਰਨ ਖੇਰ ਦੇ ਪ੍ਰੋਗਰਾਮ ਤੋਂ ਬਾਅਦ ਦੇਰ ਸ਼ਾਮ ਨੂੰ ਛੱਡਿਆ ਗਿਆ ਹੈ। ‘ਆਪ’ ਕੌਂਸਲਰ ਦਮਨਪ੍ਰੀਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਸ਼ਹਿਰ ਵਿੱਚ ਪਿਛਲੇ ਹਫ਼ਤੇ ਤਿੰਨ ਤਿੰਨ ਲਗਾਤਾਰ ਪਏ ਮੀਂਹ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਸ ਸਮੇਂ ਸੰਸਦ ਮੈਂਬਰ ਕਿਰਨ ਖੇਰ ਗੈਰਹਾਜ਼ਰ ਰਹੇ, ਜਦੋਂ ਅੱਜ ਮੌਸਮ ਸਾਫ ਹੋ ਚੁੱਕਿਆ ਹੈ ਤਾਂ ਉਹ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਚੰਡੀਗੜ੍ਹ ਪਹੁੰਚ ਗਏ। ਦਮਨਪ੍ਰੀਤ ਨੇ ਕਿਹਾ ਕਿ ਸੰਸਦ ਮੈਂਬਰ ਦੀ ਲੋਕ ਵਿਰੋਧੀ ਸੋਚ ਦਾ ਉਹ ਲਗਾਤਾਰ ਵਿਰੋਧ ਕਰਦੇ ਰਹਿਣਗੇ।