ਡੀਜੀਪੀ ਵੱਲੋਂ ‘ਸਾਈਬਰ ਹੈਲਪਲਾਈਨ-1930’ ਅਪਗਰੇਡ ਕਾਲ ਸੈਂਟਰ ਦਾ ਉਦਘਾਟਨ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 14 ਅਕਤੂਬਰ
ਸਾਈਬਰ ਵਿੱਤੀ ਧੋਖਾਧੜੀ ਦੀ ਸਮੇਂ ਸਿਰ ਰਿਪੋਰਟ ਕਰਨ ਵਿੱਚ ਲੋਕਾਂ ਦੀ ਮਦਦ ਕਰਨ ਲਈ ਡੀਜੀਪੀ ਗੌਰਵ ਯਾਦਵ ਨੇ ਅੱਜ ‘ਸਾਈਬਰ ਹੈਲਪਲਾਈਨ-1930’ ਅਪਗ੍ਰੇਡਿਡ ਕਾਲ ਸੈਂਟਰ ਦਾ ਉਦਘਾਟਨ ਕੀਤਾ ਅਤੇ ਸਾਈਬਰ ਅਪਰਾਧਾਂ ਨਾਲ ਸਬੰਧਤ ਮੁੱਦਿਆਂ ਲਈ ਲੋਕਾਂ ਦੀ ਸਹਾਇਤਾ ਲਈ ‘ਸਾਈਬਰ ਮਿੱਤਰ ਚੈਟਬੋਟ’ ਵੀ ਲਾਂਚ ਕੀਤਾ। ਹੈਲਪਲਾਈਨ ਦੀ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਡੀਜੀਪੀ ਨੇ ਉਦਘਾਟਨ ਮਗਰੋਂ ਖ਼ੁਦ 1930 ’ਤੇ ਟਰਾਇਲ ਕਾਲ ਕਰਕੇ ਹੈਲਪਲਾਈਨ ਦੇ ਕੰਮਕਾਜ ਨੂੰ ਸਮਝਣ ਲਈ ਪ੍ਰਤੀਨਿਧੀ ਨਾਲ ਗੱਲਬਾਤ ਕੀਤੀ।
ਜ਼ਿਕਰਯੋਗ ਹੈ ਕਿ ਸਾਈਬਰ ਹੈਲਪਲਾਈਨ-1930 ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (94ਸੀ) ਅਧੀਨ ਗ੍ਰਹਿ ਮੰਤਰਾਲੇ ਦੀ ਇੱਕ ਨਾਗਰਿਕ ਵਿੱਤੀ ਸਾਈਬਰ ਧੋਖਾਧੜੀ ਸਬੰਧੀ ਰਿਪੋਰਟਿੰਗ ਅਤੇ ਪ੍ਰਬੰਧਨ ਪ੍ਰਣਾਲੀ ਹੈ, ਜਿਸ ਨਾਲ ਹੈਲਪਲਾਈਨ ’ਤੇ ਸ਼ਿਕਾਇਤ ਦਰਜ ਹੋਣ ਤੋਂ ਤੁਰੰਤ ਬਾਅਦ ਸਾਈਬਰ ਵਿੱਤੀ ਧੋਖਾਧੜੀ ਦੇ ਪੀੜਤਾਂ ਦੇ ਪੈਸਿਆਂ ਨੂੰ ਮੁਲਜ਼ਮਾਂ/ਸ਼ੱਕੀਆਂ ਦੇ ਖਾਤਿਆਂ ਵਿੱਚ ਤੁਰੰਤ ਸੀਲ ਕਰਨ ਵਿੱਚ ਸਹਾਇਤਾ ਮਿਲਦੀ ਹੈ। ਪੰਜਾਬ ਵਿੱਚ ਹੈਲਪਲਾਈਨ-1930 ਸਤੰਬਰ 2021 ਵਿੱਚ ਕਾਰਜਸ਼ੀਲ ਕੀਤੀ ਗਈ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਅਤਿ-ਆਧੁਨਿਕ ਨਵੀਨਤਾਵਾਂ ਨਾਲ ਸਾਈਬਰ ਕ੍ਰਾਈਮ ਰਿਪੋਰਟਿੰਗ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਸਾਈਬਰ ਮਿੱਤਰ ਚੈਟਬੋਟ ਦਿਨ-ਰਾਤ ਸਹਾਇਤਾ ਅਤੇ ਤੁਰੰਤ ਜਵਾਬ ਸਮੇਤ ਤਤਕਾਲ ਜਾਣਕਾਰੀ ਤੱਕ ਪਹੁੰਚ ਨੂੰ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਵਿੱਚ 1930 ਹੈਲਪਲਾਈਨ ਅਤੇ ਐਨਸੀਆਰਪੀ ਪੋਰਟਲ ’ਤੇ ਵੱਖ-ਵੱਖ ਸਾਈਬਰ ਧੋਖਾਧੜੀਆਂ ਸਬੰਧੀ 26,625 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਸਾਈਬਰ ਕ੍ਰਾਈਮ ਸੈੱਲ ਨੇ ਇਸ ਸਾਲ 17 ਫ਼ੀਸਦੀ ਦੀ ਸਫਲਤਾ ਦਰ ਨਾਲ ਸਾਈਬਰ ਧੋਖਾਧੜੀ ਦੇ ਪੀੜਤਾਂ ਦੇ ਖਾਤਿਆਂ ’ਚੋਂ ਚੋਰੀ ਕੀਤੇ ਫ਼ੰਡਾਂ ਨੂੰ ਧੋਖੇਬਾਜ਼ਾਂ ਦੇ ਬੈਂਕ ਖਾਤਿਆਂ ਵਿੱਚ 57 ਕਰੋੜ ਫਰੀਜ਼ ਕੀਤੇ ਗਏ ਹਨ। ਏਡੀਜੀਪੀ (ਸਾਈਬਰ ਕ੍ਰਾਈਮ) ਵੀ. ਨੀਰਜਾ ਨੇ ਦੱਸਿਆ ਕਿ ਮਾਰਚ ਵਿੱਚ ਪੰਜਾਬ ਸਰਕਾਰ ਵੱਲੋਂ ਨੋਟੀਫਾਈ ਕੀਤੇ ਗਏ 28 ਨਵੇਂ ਸਾਈਬਰ ਥਾਣਿਆਂ ਦੀ ਸਥਾਪਨਾ ਕੀਤੀ ਗਈ ਅਤੇ ਹੁਣ ਤੱਕ 205 ਪਰਚੇ ਦਰਜ ਕੀਤੇ ਗਏ ਹਨ।
ਸਾਈਬਰ ਮਿੱਤਰ ਚੈਟਬੋਟ ਕੀ ਹੈ?
ਸਾਈਬਰ ਮਿੱਤਰ ਚੈਟਬੋਟ ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਦੀ ਇੱਕ ਨਵੀਨਤਮ ਪਹਿਲਕਦਮੀ ਹੈ। ਕੋਈ ਵੀ ਵਿਅਕਤੀ ਸਾਈਬਰ ਅਪਰਾਧਾਂ ਦੀ ਰੋਕਥਾਮ ਅਤੇ ਰਿਪੋਰਟਿੰਗ ਸਬੰਧੀ ਮੁੱਦਿਆਂ ਬਾਰੇ ਤੁਰੰਤ ਜਾਣਕਾਰੀ ਪ੍ਰਾਪਤ ਕਰਨ ਲਈ ‘ਸਾਈਬਰ ਕ੍ਰਾਈਮ ਡਾਟ ਪੰਜਾਬ ਪੁਲੀਸ ਡਾਟ ਗੋਵ ਡਾਟ ਇਨ’ ਉੱਤੇ ਲਾਗਇਨ ਕਰਕੇ ਇਸ ਤੱਕ ਪਹੁੰਚ ਕਰ ਸਕਦਾ ਹੈ। ਸਾਈਬਰ ਮਿੱਤਰ ਚੈਟਬੋਟ ਦੇ ਕਈ ਮੁੱਖ ਲਾਭ ਹਨ, ਜਿਸ ਵਿੱਚ ਦਿਨ-ਰਾਤ ਸਹਾਇਤਾ ਸ਼ਾਮਲ ਹੈ, ਇਹ ਸਾਈਬਰ ਅਪਰਾਧਾਂ ਦੀ ਰਿਪੋਰਟ ਕਰਨ ਜਾਂ ਮਦਦ ਲੈਣ ਲਈ ਸੁਰੱਖਿਅਤ ਅਤੇ ਗੈਰ-ਨਿਰਣਾਇਕ ਜ਼ਰੀਆ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਚੈਟਬੋਟ ਪੰਜਾਬ ਦੀ ਸਥਾਨਕ ਭਾਸ਼ਾ ਸਮੇਤ ਵੱਖ-ਵੱਖ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ, ਜਿਸ ਨਾਲ ਭਾਸ਼ਾ ਸਬੰਧੀ ਰੁਕਾਵਟ ਨਹੀਂ ਰਹਿੰਦੀ। ਛੇਤੀ ਹੀ, ਸਾਈਬਰ ਮਿੱਤਰ ਚੈਟਬੋਟ ਨੂੰ 15 ਦਿਨਾਂ ਤੱਕ ਵਟਸਐਪ ਨਾਲ ਜੋੜਿਆ ਜਾਵੇਗਾ।