ਰਾਜਪੁਰਾ-ਚੰਡੀਗੜ੍ਹ ਰੋਡ ’ਤੇ ਨਲਾਸ ਮੰਦਰ ਲਈ ਕੱਟ ਦਾ ਉਦਘਾਟਨ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 7 ਨਵੰਬਰ
ਇੱਥੇ ਵਿਧਾਇਕਾ ਨੀਨਾ ਮਿੱਤਲ ਦੇ ਉਪਰਾਲੇ ਸਦਕਾ ਨਲਾਸ ਮੰਦਰ ਦੇ ਰਸਤੇ ਨੂੰ ਜਾਣ ਲਈ ਮੁੱਖ ਮਾਰਗ ਤੋਂ ਮਿਲੇ ਕੱਟ ਦੀ ਮਨਜ਼ੂਰੀ ਉਪਰੰਤ ਇਸ ਕੰਮ ਦੀ ਸ਼ੁਰੂਆਤ ਦਾ ਉਦਘਾਟਨ ਨਲਾਸ ਮੰਦਰ ਦੇ ਮਹੰਤ ਬਾਬਾ ਲਾਲ ਗਿਰੀ ਮਹਾਰਾਜ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਇਸ ਕੱਟ ਨਾਲ ਰਾਜਪੁਰਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਕੋਲ ਸ਼ਰਧਾਲੂ ਇਸ ਮਾਰਗ ਤੋਂ ਨਲਾਸ ਲਈ ਹਮੇਸ਼ਾਂ ਹੀ ਕੱਟ ਦੀ ਮੰਗ ਕਰਦੇ ਸਨ। ਉਨ੍ਹਾਂ ਇੱਥੋਂ ਕੱਟ ਦਿਵਾਉਣ ਲਈ ਦਿੱਲੀ ਦੇ ਕਈ ਗੇੜੇ ਮਾਰੇ ਅਤੇ ਇਸ ਕੱਟ ਨੂੰ ਮਨਜ਼ੂਰੀ ਦਿਵਾਈ। ਉਨ੍ਹਾਂ ਕਿਹਾ ਕਿ ਹੁਣ ਸ਼ਿਵ ਭਗਤਾਂ ਨੂੰ ਨਲਾਸ ਮੰਦਰ ਦੇ ਦਰਸ਼ਨ ਕਰਨ ਲਈ ਸਿੱਧਾ ਰਸਤਾ ਉਪਲਬਧ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮਾਰਗ ਤੋਂ ਇੱਕ ਸੈਮੀ-ਅੰਡਰਪਾਸ ਬਣਾਇਆ ਜਾ ਰਿਹਾ ਹੈ। ਮੌਜੂਦਾ ਪੁਲ ਨੂੰ ਥੋੜ੍ਹਾ ਉਪਰ ਚੁੱਕਿਆ ਜਾਵੇਗਾ ਅਤੇ ਪੁਲ ਦੇ ਹੇਠਾਂ 4-5 ਫੁੱਟ ਨੀਵਾਂ ਅੰਡਰਪਾਸ ਬਣਾ ਕੇ ਨਲਾਸ ਰੋਡ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੈਮੀ ਅੰਡਰਪਾਸ ਪੂਰਾ ਹੋਣ ਲਈ ਲਗਭਗ ਇੱਕ ਸਾਲ ਦਾ ਸਮਾਂ ਲੱਗੇਗਾ। ਇਸ ਮੌਕੇ ਸੀਨੀਅਰ ਆਗੂ ਅਜੇ ਮਿੱਤਲ, ਯੂਥ ਆਗੂ ਲਵਿਸ਼ ਮਿੱਤਲ, ਮੇਜਰ ਚਨਾਲੀਆ, ਧਨਵੰਤ ਸਿੰਘ, ਅਮਨ ਸੈਣੀ, ਜਗਦੀਪ ਸਿੰਘ ਅਲੂਣਾ, ਗੁਰਸ਼ਰਨ ਵਿਰਕ, ਰਮੇਸ਼ ਪਹੂਜਾ, ਰਾਜੇਸ਼ ਇੰਸਾ, ਮੁਨੀਸ਼ ਸੂਦ, ਵਿਜੇ ਮੈਨਰੋ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਮੌਜੂਦ ਸਨ।